ਯੂ.ਕੇ. ਦੇ ਸਲੋਹ ਹਲਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੇਕਸਹੈਮ ਕੋਰਟ ਪੈਰਿਸ਼ ਕੌਂਸਲ ਦੀਆਂ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਨ ਵਾਲੇ ਲੇਬਰ ਪਾਰਟੀ ਦੇ ਪੰਜ ਉਮੀਦਵਾਰਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ।
ਇੱਕ ਬਿਆਨ ਵਿੱਚ, ਢੇਸੀ ਨੇ ਲੇਬਰ ਪਾਰਟੀ ਦੀ ਇਸ ਹਲਕੇ ਤੋਂ ਹੋਈ ਤਾਜ਼ਾ ਪ੍ਰਾਪਤੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਇਹ ਜਿੱਤ ਪ੍ਰਾਪਤ ਕਰਨ ਵਾਲੇ ਸਾਡੇ ਸਮਰਪਿਤ ਲੇਬਰ ਕੌਂਸਲਰਾਂ ਵਿੱਚ ਮੁਹੰਮਦ ਨਾਸਿਰ ਜਾਵੇਦ, ਕਵਲਜੀਤ ਕੌਰ, ਮਨਦੀਪ ਕੌਰ, ਗੁਰਚਰਨ ਸਿੰਘ ਅਤੇ ਸ਼ਕੀਲਾ ਯਾਸਮੀਨ ਹਨ ਜਿੰਨ੍ਹਾਂ ਦੀ ਇਸ ਹਲਕੇ ਦੇ ਭਾਈਚਾਰੇ ਦੀ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦੇਖਦਿਆਂ ਵੇਕਸਹੈਮ ਕੋਰਟ ਦੇ ਵੋਟਰਾਂ ਨੇ ਚੁਣਿਆ ਹੈ।”
ਜ਼ਿਕਰਯੋਗ ਹੈ ਕਿ ਇਸ ਮਹੀਨੇ ਹੋਈਆਂ ਰਾਸ਼ਟਰੀ ਚੋਣਾਂ ਦੌਰਾਨ ਸਲੋਹ ਸੰਸਦੀ ਹਲਕੇ ਤੋਂ ਤਨਮਨਜੀਤ ਢੇਸੀ ਦੀ ਜਿੱਤ ਤੋਂ ਬਾਅਦ, ਇਹ ਚੋਣ ਨਤੀਜੇ ਲੇਬਰ ਪਾਰਟੀ ਲਈ ਇੱਕ ਸ਼ਾਨਦਾਰ ਨਿਰਣਾਇਕ ਜਿੱਤ ਨੂੰ ਦਰਸਾਉਂਦੇ ਹਨ ਕਿਉਂਕਿ ਸਾਰੇ ਪੰਜ ਚੁਣੇ ਹੋਏ ਕੌਂਸਲਰ ਲੇਬਰ ਦੀ ਨੁਮਾਇੰਦਗੀ ਕਰਦੇ ਹਨ। ਢੇਸੀ ਨੇ ਇੰਨਾਂ ਕੌਂਸਲਰਾਂ ਵੱਲੋਂ ਪੈਰਿਸ਼ ਕੌਂਸਲ ਹਲਕੇ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਉਨ੍ਹਾਂ ਦੀ ਯੋਗਤਾ ‘ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ, “ਇਹ ਜਿੱਤ ਭਾਈਚਾਰੇ ਵੱਲੋਂ ਪਾਰਟੀ ਉਮੀਦਵਾਰਾਂ ‘ਤੇ ਕੀਤੇ ਗਏ ਭਰੋਸੇ ਦਾ ਪ੍ਰਮਾਣ ਹੈ। ਇਸ ਹਲਕੇ ਨੂੰ ਸੁਧਾਰਨ ਲਈ ਕਾਫੀ ਕੰਮ ਕਰਨਾ ਬਾਕੀ ਹੈ, ਅਤੇ ਮੈਂ ਇਨ੍ਹਾਂ ਕੌਂਸਲਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਪ੍ਰਤੀ ਪੂਰਨ ਆਸ਼ਾਵਾਦੀ ਹਾਂ।”