ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਆਲਾਲੰਪੁਰ ਲਈ 15 ਜਨਵਰੀ ਤੋਂ ਦੋ ਨਵੀਆਂ ਉਡਾਣਾਂ ਉਡਾਣ ਭਰਨਗੀਆਂ। ਮਲੇਸ਼ੀਆ ਏਅਰਲਾਈਨਜ਼ ਨੇ ਇਨ੍ਹਾਂ ਉਡਾਣਾਂ ਦਾ ਐਲਾਨ ਕੀਤਾ ਹੈ। ਏਅਰਲਾਈਨਜ਼ ਦੀ ਵੈੱਬਸਾਈਟ ’ਤੇ ਵੀ ਬੁਕਿੰਗ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਫਲਾਈ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵੀਨਰ (ਭਾਰਤ) ਯੋਗੇਸ਼ ਕਾਮਰਾ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਹ ਉਡਾਣਾਂ ਪੰਜਾਬ ਦੇ ਨਾਲ-ਨਾਲ ਗੁਆਂਢੀ ਰਾਜਾਂ ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਲਈ ਸਭ ਤੋਂ ਵੱਧ ਲਾਹੇਵੰਦ ਹੋਣਗੀਆਂ ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣ ਪੂਰਬੀ ਏਸ਼ੀਆ ਜਾਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਉਪਰੋਕਤ ਦੇਸ਼ਾਂ ਵਿੱਚ ਜਾਂਦੇ ਹਨ। ਫਲਾਈਟ ਲੈਣ ਲਈ ਉਨ੍ਹਾਂ ਨੂੰ ਦਿੱਲੀ ਜਾਣਾ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਲੇਸ਼ੀਆ ਏਅਰਲਾਈਨਜ਼ ਨੇ ਕੁਆਲਾਲੰਪੁਰ ਲਈ ਦੋ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।