ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਦੀ ਦੇਖ-ਰੇਖ ਤੇ ਐਸ.ਐਸ.ਪੀ. ਜਲੰਧਰ ਦੀ ਅਗਵਾਈ ’ਚ ਜ਼ਿਲ੍ਹੇ ਭਰ ’ਚ ਚਲਾਇਆ ਗਿਆ ਸਰਚ ਆਪ੍ਰੇਸ਼ਨ
ਜਲੰਧਰ (Titu Rawat)- ਜਲੰਧਰ ਜ਼ਿਲ੍ਹੇ (ਦਿਹਾਤੀ) ਵਿੱਚ ਨਸ਼ਿਆਂ ਅਤੇ ਸੜਕ ਪੱਧਰ ’ਤੇ ਅਪਰਾਧੀਆਂ ਖਿਲਾਫ਼ ਕਾਰਡਨ ਐਂਡ ਸਰਚ (ਕਾਸੋ) ਅਭਿਆਨ ਚਲਾਇਆ ਗਿਆ। ਜ਼ਿਲ੍ਹੇ ਵਿੱਚ ਇਹ ਅਭਿਆਨ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਦੀ ਦੇਖ-ਰੇਖ ਅਤੇ ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਦੀ ਅਗਵਾਈ ਵਿੱਚ ਚਲਾਇਆ ਗਿਆ।
ਇਹ ਅਭਿਆਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਿਲ੍ਹੇ ਦੇ ਵੱਖ-ਵੱਖ ਸੰਵੇਦਨਸ਼ੀਲ ਖੇਤਰਾਂ ਵਿੱਚ ਚਲਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਪੁਲਿਸ ਦੇ ਐਸ.ਪੀ., ਡੀ.ਐਸ.ਪੀ. ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਨਸ਼ਿਆਂ ਦੀ ਰੋਕਥਾਮ ਲਈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਅਭਿਆਨ ਦੀ ਮਦਦ ਨਾਲ ਕਈ ਹਾਟਸਪਾਟ ਪੁਆਇੰਟ ਕਵਰ ਕੀਤੇ।
ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਨੇ ਨਿਰੀਖਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅਭਿਆਨ ਦਾ ਮੁੱਖ ਉਦੇਸ਼ ਜ਼ਿਲ੍ਹੇ ਨੂੰ ਨਸ਼ੇ ਦੀ ਸਮੱਸਿਆ ਤੋਂ ਮੁਕਤ ਕਰਨਾ ਅਤੇ ਸਮਾਜ ਵਿੱਚ ਅਸ਼ਾਂਤੀ ਫੈਲਾਉਣ ਵਾਲੇ ਅਪਰਾਧੀਆਂ ’ਤੇ ਸ਼ਿੰਕਜਾ ਕੱਸਣਾ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੌਰਾਨ ਪੂਰੇ ਜ਼ਿਲ੍ਹੇ ਵਿੱਚ ਕੋਈ ਚੈੱਕ ਪੁਆਇੰਟ ਲਗਾਏ ਗਏ ਅਤੇ ਸ਼ੱਕੀ ਇਲਾਕਿਆਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਅੱਜ ਨਸ਼ੇ ਦੇ ਪਛਾਣੇ ਗਏ ਹਾਟਸਪਾਟਸ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਸ਼ਾ ਸਪਲਾਈ ਦੀ ਕੜੀ ਨੂੰ ਵਿਕਰੀ ਦੇ ਪੱਧਰ (ਪੁਆਇੰਟ ਆਫ਼ ਸੇਲ) ਤੋਂ ਤੋੜਨ ਦੇ ਉਦੇਸ਼ ਨਾਲ ਇਹ ਅਭਿਆਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਅਪਰਾਧੀਆਂ ਨੂੰ ਫੜਨਾ ਹੀ ਨਹੀਂ ਸਗੋਂ ਸਮਾਜ ਨੂੰ ਨਸ਼ਿਆਂ ਵਰਗੀ ਬੁਰਾਈ ਤੋਂ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਨ ਭਵਿੱਖ ਵਿੱਚ ਵੀ ਜਾਰੀ ਰਹੇਗਾ ਅਤੇ ਪੰਜਾਬ ਪੁਲਿਸ ਸਮਾਜ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਲਈ ਵਚਨਬੱਧ ਹੈ।
ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਇਸ ਦੌਰਾਨ ਅਭਿਆਨ ਦੀ ਸਫ਼ਲਤਾ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਆਪ੍ਰੇਸ਼ਨ ਨਾਲ ਸਮਾਜ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਬਣੇਗਾ।