ਜਲੰਧਰ – ਜਲੰਧਰ ਸ਼ਹਿਰ ਵਿੱਚ ਨਗਰ ਨਿਗਮ ਦੀ ਲਾਪਰਵਾਹੀ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਇਹ ਨੌਜਵਾਨ ਸ਼ਹਿਰ ਦੇ ਨਕੋਦਰ ਚੌਂਕ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਨੂੰ ਜਾਣ ਵਾਲੀ ਇੱਕ ਤਰਫਾ ਸੜਕ ਦੇ ਵਿਚਕਾਰ ਲਗਾਈ ਰੇਲਿੰਗ ਨੂੰ ਪਾਰ ਕਰ ਰਿਹਾ ਸੀ। ਇਸ ਦੌਰਾਨ ਸਟਰੀਟ ਲਾਈਟ ਦੇ ਖੰਭੇ ‘ਚ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਕਤ ਨੌਜਵਾਨ ਇਸ ਸੜਕ ‘ਤੇ ਇਕ ਹਸਪਤਾਲ ਨੇੜੇ ਢਾਬਾ ਚਲਾਉਂਦਾ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਨੈ ਸ਼ਰਮਾ ਵਜੋਂ ਹੋਈ ਹੈ। ਉਹ ਚਾਹ ਪਿਲਾ ਕੇ ਰੇਲਿੰਗ ਪਾਰ ਕਰਕੇ ਢਾਬੇ ਵੱਲ ਜਾ ਰਿਹਾ ਸੀ। ਇਸ ਦੌਰਾਨ ਕਰੰਟ ਲੱਗਣ ਨਾਲ ਉਸ ਨੇ ਚੀਕ ਮਾਰੀ। ਨੌਜਵਾਨ ਦੀ ਆਵਾਜ਼ ਸੁਣ ਕੇ ਉਸ ਦਾ ਪਿਤਾ ਅਤੇ ਲੋਕ ਮੌਕੇ ‘ਤੇ ਪਹੁੰਚ ਗਏ। ਸਾਰਿਆਂ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਛੁਡਾਉਣ ਦੀ ਕੋਸ਼ਿਸ਼ ਕਰਦੇ ਹੋਏ ਨੌਜਵਾਨ ਦਾ ਪਿਤਾ ਵੀ ਕਰੰਟ ਦੀ ਲਪੇਟ ਵਿਚ ਆ ਗਿਆ ਪਰ ਉਹ ਬਚ ਗਿਆ।
ਲੋਕਾਂ ਨੇ ਬੜੀ ਮੁਸ਼ਕਿਲ ਨਾਲ ਨੌਜਵਾਨ ਨੂੰ ਖਿੱਚ ਕੇ ਖੰਭੇ ਤੋਂ ਛੁਡਵਾਇਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਦੀ ਮੌਕੇ ‘ਤੇ ਹੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।