ਡੇਟਨ, ਓਹਾਇਓ ਯੂ ਐਸ ਏ :-:ਡੇਟਨ ਯੂਥ ਕਲੱਬ ਵੱਲੋਂ ਚੌਥਾ ਸਾਲਾਨਾ ਸ਼ੇਖ ਫ਼ਰੀਦ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬੱਚਿਆਂ ਨੇ ਸ਼ਬਦ ਕੀਰਤਨ ਗਾਇਣ ਕੀਤਾ। ਗੁਰਦੁਆਰੇ ਦੇ ਗ੍ਰੰਥੀ ਭਾਈ ਹੇਮ ਸਿੰਘ ਤੇ ਭਾਈ ਪ੍ਰੇਮ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸ਼ੇਖ ਫ਼ਰੀਦ ਜੀ ਦੇ ਜੀਵਨ ‘ਤੇ ਚਾਨਣਾ ਪਾਇਆ। ਸ਼ੇਖ ਫ਼ਰੀਦ ਜੀ ਦਾ ਜਨਮ 1173 ਈ. ਵਿੱਚ ਸ਼ੇਖ ਜਮਾਲੁਦੀਨ ਸੁਲੇਮਾਨ ਘਰ ਮੁਲਤਾਨ ਨੇੜੇ ਕੋਠੇਵਾਲ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਂ ‘ਕਰਸੂਮ ਬੀਬੀ ਸੀ’। ਸ਼ੇਖ ਫ਼ਰੀਦ ਜੀ 92 ਸਾਲ ਦੀ ਉਮਰ ਭੋਗ ਕੇ 1265 ਈ. ਵਿੱਚ ਅਕਾਲ ਚਲਾਣਾ ਕਰ ਗਏ। ਸ਼ੇਖ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਸਲੋਕ ਸ਼ੇਖ ਫ਼ਰੀਦ ਦੇ’ ਸਿਰਲੇਖ ਹੇਠ 130 ਸਲੋਕ ਦਰਜ ਹਨ ਜਿਨ੍ਹਾਂ ਵਿੱਚ 112 ‘ਸਲੋਕ’ ਸ਼ੇਖ ਫ਼ਰੀਦ ਜੀ ਦੇ ਹਨ ਬਾਕੀ 18 ਗੁਰੂ ਸਾਹਿਬਾਨ ਦੇ ਹਨ।ਇਸ ਤਿੰਨ ਦਿਨਾਂ ਦੇ ਸਮਾਗਮਾਂ ਵਿਚ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ ਤੇ ਭਾਂਤ-ਭਾਂਤ ਦੇ ਖਾਣੇ ਤਿਆਰ ਕੀਤੇ ਗਏ। ਵਰਣਨਯੋਗ ਹੈ ਕਿ ਕੀਰਤਨ ਵਿਚ ਬਹੁਤ ਸਾਰੇ ਬੱਚੇ ਤੇ ਕਈ ਸੰਗਤ ਮੈਂਬਰ ਹਿੱਸਾ ਲੈਂਦੇ ਹਨ। ਸਮਾਗਮ ਦੇ ਅਖ਼ੀਰ ਵਿੱਚ ਬੀਬੀ ਜਤਿੰਦਰ ਕੌਰ ਨੇ ਸੰਗਤ ਦਾ , ਪਾਠੀ ਸਿੰਘਾਂ ਤੇ ਲੰਗਰ ਤਿਆਰ ਕਰਨ ਵਾਲੇ ਮੈਂਬਰਾਨ ਦਾ ਧੰਨਵਾਦ ਕੀਤਾ।
ਜਾਰੀ ਕਰਤਾ ਅਵਤਾਰ ਸਿੰਘ ਸਪਰਿੰਗ ਫੀਲਡ 19372064674