ਔਟਵਾ,- ਨਿਊਯਾਰਕ ਵਿੱਚ 20 ਸਤੰਬਰ ਤੋਂ ਯੂਨਾਈਟੇਡ ਨੇਸ਼ਨ ਜਨਰਲ ਅਸੈਂਬਲੀ ਦਾ 77ਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਕੈਨੇਡਾ ਦਾ ਇੱਕ ਵਫ਼ਦ ਵੀ ਇਸ ਵਿੱਚ ਸ਼ਮੂਲੀਅਤ ਕਰੇਗਾ। ਪੀਐਮ ਤੋਂ ਇਲਾਵਾ ਅਮਰੀਕਾ ਜਾ ਰਹੇ ਇਸ ਕੈਨੇਡੀਅਨ ਵਫ਼ਦ ਵਿੱਚ ਵਿਦੇਸ਼ ਮੰਤਰੀ ਮੈਲਨੀ ਜੋਲੀ, ਵਾਤਾਵਰਣ ਮਾਮਲਿਆਂ ਬਾਰੇ ਮੰਤਰੀ ਸਟੀਵਨ ਗਿਲਬੋਲਟ ਅਤੇ ਕੌਮਾਂਤਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਿਊਯਾਰਕ ਵਿੱਚ 20 ਸਤੰਬਰ ਤੋਂ ਯੂਨਾਈਟੇਡ ਨੇਸ਼ਨ ਜਨਰਲ ਅਸੈਂਬਲੀ ਦਾ 77ਵਾਂ ਸੈਸ਼ਨ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਵਿੱਚ ਸ਼ਮੂਲੀਅਤ ਕਰਨ ਲਈ ਅਮਰੀਕਾ ਜਾ ਰਹੇ ਨੇ। ਉਹ ਸੈਸ਼ਨ ਦੀ ਓਪਨਿੰਗ ਦੌਰਾਨ ਹੋਣ ਵਾਲੀ ਉੱਚ ਪੱਧਰੀ ਜਨਰਲ ਬਹਿਸ ਵਿੱਚ ਹਿੱਸਾ ਲੈਣਗੇ।