ਗੁਰਦਾਸਪੁਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬੱਬੇਹਾਲੀ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਪੰਚਾਇਤਾਂ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਵਾਪਸ ਲੈਣਾ ਇੱਕ ਤਰ੍ਹਾਂ ਨਾਲ ਮਾਨਯੋਗ ਹਾਈਕੋਰਟ ਵੱਲੋਂ ਇਸ ਸਰਕਾਰ ਦੇ ਮੂੰਹ ’ਤੇ ਥੱਪੜ ਹੈ। ਸਰਕਾਰ ਸੂਬੇ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ। ਧੱਕੇ ਨਾਲ ਫ਼ੈਸਲੇ ਕੀਤੇ ਜਾ ਰਹੇ ਹਨ। ਸੂਬੇ ਦੀਆਂ 13 ਹਜ਼ਾਰ ਪੰਚਾਇਤਾਂ ਨੂੰ ਭੰਗ ਕਰਨ ਦੀ ਗੱਲ ਕਹਿ ਕੇ ਚੁਣੇ ਨੁਮਾਇੰਦਿਆਂ ਨੂੰ ਭ੍ਰਿਸ਼ਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਦ ਕਿ ਸਭ ਤੋਂ ਵੱਧ ਭ੍ਰਿਸ਼ਟਾਚਾਰ ਤਾਂ ਇਸ ਸਰਕਾਰ ਦੇ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਐਸਮਾ ਤਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਲੱਗਣਾ ਚਾਹੀਦਾ ਹੈ। ਸੂਬੇ ਵਿੱਚ ਆਪਣੀ ਡਿਊਟੀ ਛੱਡ ਕੇ ਉਹ ਛੱਤੀਸਗੜ੍ਹ ਅਤੇ ਮੁੰਬਈ ਘੁੰਮ ਰਹੇ ਹਨ। ਰੱਖੜ ਪੁੰਨਿਆ ਦੇ ਪਵਿੱਤਰ ਤਿਉਹਾਰ ’ਤੇ ਹਰ ਸਾਲ ਹੋਣ ਵਾਲੇ ਸਮਾਗਮ ਵਿੱਚ ਸੂਬੇ ਦਾ ਮੁੱਖ ਮੰਤਰੀ ਆਪਣੀ ਹਾਜ਼ਰੀ ਦਰਜ ਕਰਵਾਉਂਦਾ ਹੈ ਪਰ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਆਪਣੇ ਬੌਸ ਅਰਵਿੰਦ ਕੇਜਰੀਵਾਲ ਨਾਲ ਜਹਾਜ਼ ’ਚ ਝੂਟੇ ਲੈ ਰਿਹਾ ਹੈ।