ਨਵੀਂ ਦਿੱਲੀ : ਪਿਛਲੇ ਪੰਜ ਸਾਲਾਂ ਵਿਚ (2018 ਤੋਂ 2022 ਤੱਕ), ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀ.ਏ.ਪੀ.ਐੱਫ.) ਦੇ 53, 336 ਕਰਮਚਾਰੀਆਂ ਨੇ ਨੌਕਰੀ ਛੱਡ ਦਿੱਤੀ ਹੈ। ਇਸ ਵਿੱਚ 47,000 ਸੈਨਿਕਾਂ ਨੇ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਲਈ ਹੈ। ਇਸ ਦੇ ਨਾਲ ਹੀ 6,336 ਜਵਾਨਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ 658 ਜਵਾਨਾਂ ਨੇ ਖੁਦਕੁਸ਼ੀ ਕੀਤੀ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਇਸ ਦੀ ਜਾਣਕਾਰੀ ਦਿੱਤੀ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਸਾਲ 2018 ਵਿਚ 10,940 ਜਵਾਨ, 2019 ਵਿੱਚ 10,323, 2020 ਵਿੱਚ 7,690, 2021 ਵਿੱਚ 12,003 ਅਤੇ 12,380 ਜਵਾਨਾਂ ਨੇ ਨੌਕਰੀ ਛੱਡ ਦਿੱਤੀ। ਉਨ੍ਹਾਂ ਇਹ ਜਾਣਕਾਰੀ ਕਾਂਗਰਸ ਦੇ ਸੰਸਦ ਮੈਂਬਰ ਮਾਨੀਕਮ ਟੈਗੋਰ ਦੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤੀ।
ਅੰਕੜਿਆਂ ਮੁਤਾਬਕ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ 23,553 ਜਵਾਨਾਂ ਨੇ ਨੌਕਰੀ ਛੱਡ ਦਿੱਤੀ, ਜਿਨ੍ਹਾਂ ‘ਚੋਂ 21,692 ਨੇ ਸੇਵਾਮੁਕਤੀ ਲੈ ਲਈ ਅਤੇ 1861 ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ 13,640 ਜਵਾਨਾਂ ਨੇ ਨੌਕਰੀ ਛੱਡ ਦਿੱਤੀ ਹੈ। ਜਿਸ ਵਿੱਚ 13,027 ਨੇ ਆਪਣੇ ਤੌਰ ‘ਤੇ ਰਿਟਾਇਰਮੈਂਟ ਲੈ ਲਈ ਅਤੇ 613 ਨੇ ਅਸਤੀਫਾ ਦੇ ਦਿੱਤਾ। ਅਸਾਮ ਰਾਈਫਲਜ਼ ਤੋਂ 5,393 ਨੇ ਸੇਵਾ ਛੱਡ ਦਿੱਤੀ। 5,313 ਨੇ ਰਿਟਾਇਰਮੈਂਟ ਲੈ ਲਈ ਅਤੇ 80 ਜਵਾਨਾਂ ਨੇ ਅਸਤੀਫਾ ਦੇ ਦਿੱਤਾ।