ਓਟਵਾ : ਖਾਸ ਕਿਸਮ ਦੇ ਕੰਮਾਕਾਰਾਂ ਦਾ ਤਜਰਬਾ ਰੱਖਣ ਵਾਲੇ ਲੋਕਾਂ ਨੂੰ ਕੈਨੇਡਾ ਦੇ ਨਵੇਂ ਐਕਸਪ੍ਰੈੱਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਕੈਨੇਡਾ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਕਾਰਪੈਂਟਰੀ, ਪਲੰਬਿੰਗ ਤੇ ਵੈਲਡਿੰਗ ਵਿੱਚ ਮੁਹਾਰਤ ਰੱਖਣ ਵਾਲੇ ਹੁਨਰਮੰਦ ਵਰਕਰਜ਼ ਲਈ ਇਮੀਗ੍ਰੇਸ਼ਨ ਦੇ ਰਾਹ ਖੋਲੇ੍ਹ ਜਾ ਰਹੇ ਹਨ। ਮਈ ਵਿੱਚ ਐਲਾਨੇ ਗਏ ਨਵੇਂ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਵਿੱਚ ਇਸ ਤੀਜੀ ਵੰਨਗੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਕੈਨੇਡਾ ਨੂੰ ਲੇਬਰ ਸਬੰਧੀ ਖਾਸ ਲੋੜਾਂ ਪੂਰੀਆਂ ਕਰਨ ਦੀ ਖੁੱਲ੍ਹ ਮਿਲੇਗੀ।ਇੱਥੇ ਦੱਸਣਾ ਬਣਦਾ ਹੈ ਕਿ ਇੱਥੇ ਇਨ੍ਹਾਂ ਸੈਕਟਰਜ਼ ਵਿੱਚ ਕਈ ਕਿਸਮ ਦੀ ਲੇਬਰ ਸਬੰਧੀ ਘਾਟ ਪਾਈ ਜਾ ਰਹੀ ਹੈ।
ਇੱਕ ਪ੍ਰੈੱਸ ਰਲੀਜ਼ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਹੁਨਰਮੰਦ ਟਰੇਡਜ਼ ਵਰਕਰਜ਼ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਐਕਸਪ੍ਰੈੱਸ ਐਂਟਰੀ ਸਿਸਟਮ ਤੋਂ ਪਹਿਲਾਂ ਉਮੀਦਵਾਰਾਂ ਨੂੰ ਉਮਰ, ਮੈਰੀਟਲ ਸਟੇਟਸ, ਸਿੱਖਿਆ ਦੇ ਪੱਧਰ ਤੇ ਤਜਰਬੇ ਦੇ ਬਾਵਜੂਦ ਕਈ ਹੋਰਨਾਂ ਮਾਪਦੰਡਾਂ ਦੇ ਹਿਸਾਬ ਨਾਲ ਅੰਕ ਦਿੱਤੇ ਜਾਂਦੇ ਸਨ। ਇਸ ਪ੍ਰੋਗਰਾਮ ਰਾਹੀਂ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਤੇ ਮੈਥੇਮੈਟਿਕਸ (ਸਟੈੱਮ) ਵਿੱਚ ਮੁਹਾਰਤ ਰੱਖਣ ਵਾਲਿਆਂ ਨੂੰ ਵੀ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਤਹਿਤ ਹੋਰ ਵੰਨਗੀਆਂ ਸਬੰਧੀ ਐਲਾਨ ਆਉਣ ਵਾਲੇ ਹਫਤਿਆਂ ਵਿੱਚ ਕੀਤਾ ਜਾਵੇਗਾ।