ਜਲੰਧਰ ਸ਼ਹਿਰ ‘ਚ ਚੋਰਾਂ ਅਤੇ ਲੁਟੇਰਿਆਂ ਦਾ ਖੌਫ਼਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹੁਣ ਉਨ੍ਹਾਂ ਨੇ ਮੱਕੜ ਮੋਟਰਜ਼ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ ਹੈ। ਇੱਥੇ ਲੁਟੇਰਿਆਂ ਨੇ ਪਹਿਲਾਂ ਸ਼ੋਅਰੂਮ ਦੇ ਸਕਿਓਰਿਟੀ ਗਾਰਡ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਬੰਧਕ ਬਣਾ ਕੇ ਪੈਸੇ ਲੁੱਟੇ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਥਾਂ ‘ਤੇ ਲੁੱਟ ਦੀ ਘਟਨਾ ਵਾਪਰੀ ਹੈ, ਉਹ ਪੁਲਿਸ ਚੌਕੀ ਤੋਂ ਸਿਰਫ਼ 100-150 ਮੀਟਰ ਦੀ ਦੂਰੀ ’ਤੇ ਹੈ। ਪਰ ਲੁਟੇਰਿਆਂ ਵਿਚ ਡਰ-ਭੈਅ ਨਹੀਂ ਹੈ। ਸ਼ੋਅਰੂਮ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ 5 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ 8 ਲੱਖ ਰੁਪਏ ਲੁੱਟ ਲਏ। ਲੁਟੇਰੇ ਜਾਂਦੇ ਹੋਏ ਇੱਕ ਲੈਪਟਾਪ, ਸੀਸੀਟੀਵੀ ਡੀਵੀਆਰ, ਇੱਕ ਫ਼ੋਨ ਵੀ ਲੈ ਗਏ।
ਏਸੀਪੀ ਹਰਸ਼ ਪ੍ਰੀਤ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਜਾਂਚ ਕਰਨ ਪਹੁੰਚੇ ਹਨ। ਸਟਾਫ਼ ਮੈਂਬਰਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਸੇਫ਼ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਸੇਫ਼ ਨੂੰ ਤੋੜ ਨਹੀਂ ਸਕੇ ।
ਇਸ ਤੋਂ ਬਾਅਦ ਉਹ ਬਾਹਰ ਪਏ ਕਰੀਬ 8 ਲੱਖ ਰੁਪਏ, ਇੱਕ ਲੈਪਟਾਪ ਅਤੇ ਡੀਵੀਆਰ ਲੈ ਕੇ ਫਰਾਰ ਹੋ ਗਿਆ। ਏਸੀਪੀ ਨੇ ਕਿਹਾ ਕਿ ਸੁਰੱਖਿਆ ਗਾਰਡ ਅਜੇ ਵੀ ਘਬਰਾਇਆ ਹੋਇਆ ਹੈ। ਉਸ ਤੋਂ ਅਜੇ ਤੱਕ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਫੜ ਲਵਾਂਗੇ।