ਇਸਲਾਮਾਬਾਦ— ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ਜ਼ਿਲੇ ‘ਚ ਇਕ ਸਿਆਸੀ ਰੈਲੀ ਦੌਰਾਨ ਹੋਏ ਆਤਮਘਾਤੀ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 54 ਹੋ ਗਈ ਹੈ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਾਜੌਰ ਜ਼ਿਲੇ ਦੇ ਪੂਰਬੀ ਕਬਾਇਲੀ ਖੇਤਰ ਦੇ ਖਾਰ ਵਿੱਚ ਐਤਵਾਰ ਸ਼ਾਮ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਇੱਕ JUI-F ਦੀ ਮੀਟਿੰਗ ਦੌਰਾਨ ਆਪਣੇ ਆਪ ਨੂੰ ਉਡਾ ਲਿਆ। ਇਸ ‘ਚ ਕਰੀਬ 40 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਧਮਾਕੇ ‘ਚ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਅਤੇ ਇਨ੍ਹਾਂ ‘ਚੋਂ 83 ਅਜੇ ਵੀ ਹਸਪਤਾਲਾਂ ‘ਚ ਜ਼ੇਰੇ ਇਲਾਜ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਤਮਘਾਤੀ ਹਮਲੇ ਪਿੱਛੇ ਅੱਤਵਾਦੀ ਸੰਗਠਨ ਦਾਏਸ਼ ਦਾ ਹੱਥ ਸੀ।
ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੇ ਐਡੀਸ਼ਨਲ ਇੰਸਪੈਕਟਰ ਜਨਰਲ ਸ਼ੌਕਤ ਅੱਬਾਸ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਜਦੋਂ ਕਾਨਫਰੰਸ ਕੱਲ੍ਹ ਦੁਪਹਿਰ 2 ਵਜੇ ਸ਼ੁਰੂ ਹੋਈ, ਤਾਂ ਧਮਾਕਾ ਦੋ ਘੰਟੇ ਬਾਅਦ ਸ਼ਾਮ 4.10 ਵਜੇ ਹੋਇਆ। ਉਨ੍ਹਾਂ ਨੇ ਕਿਹਾ ਕਿ ਘਟਨਾ ਸਥਾਨ ਤੋਂ ਬਾਲ ਬੇਅਰਿੰਗ ਅਤੇ ਵਿਸਫੋਟਕ ਬਣਾਉਣ ਲਈ ਵਰਤੇ ਜਾਣ ਵਾਲੇ ਹੋਰ ਸਾਮਾਨ ਮਿਲੇ ਹਨ।ਅਬਾਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ‘ਚ ਉਨ੍ਹਾਂ ਦੀ ਟੀਮ ਨੇ ਹਮਲੇ ਪਿੱਛੇ ਅੱਤਵਾਦੀ ਸਮੂਹ ਦੀ ਪਛਾਣ ਕਰ ਲਈ ਹੈ। ਖਦਸ਼ਾ ਹੈ ਕਿ ਅੱਤਵਾਦੀਆਂ ਨੇ ਬੈਠਕ ‘ਚ ਕਿਸੇ ‘ਖਾਸ’ ਨੂੰ ਨਿਸ਼ਾਨਾ ਬਣਾਇਆ ਹੋ ਸਕਦਾ ਹੈ।