ਪੰਜਾਬ ਦੀਆਂ ਨਗਰ ਨਿਗਮਾਂ ’ਚ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕਰਨਾ ਵਿਚਾਰ ਅਧੀਨ : ਡਾ. ਇੰਦਰਬੀਰ ਸਿੰਘ ਨਿੱਝਰ

ਨਗਰ ਨਿਗਮ ਜਲੰਧਰ ’ਚ ਪਲਾਨ ਬਣਾਕੇ ਸਿੰਗਲ ਵਿੰਡੋ ਸਿਸਟਮ ਸ਼ੁਰੂ ਕਰਨ ਦੇ ਨਿਰਦੇਸ਼, ਨਿਗਮ ਨਾਲ ਸਬੰਧਿਤ ਸਾਰੀਆਂ ਸੇਵਾਵਾਂ ਇਕੋ ਥਾਂ ਤੋਂ ਮਿਲਣਗੀਆਂ
ਵੱਖ-ਵੱਖ ਵਿਕਾਸ ਕਾਰਜਾਂ ’ਚ ਗੁਣਵੱਤਾ ਅਤੇ ਤੈਅ ਸਮਾਂ ਸੀਮਾ ’ਤੇ ਇੰਨ-ਬਿੰਨ ਪਹਿਰਾ ਦੇਣ ਦੀ ਹਦਾਇਤ
ਸ਼ਹਿਰਾਂ ਅਤੇ ਪੇਂਡੂ ਖੇਤਰਾਂ ’ਚ ਸਫ਼ਾਈ ਵਿਵਸਥਾ ’ਚ ਵੱਡੇ ਸੁਧਾਰ ਲਿਆਉਣ ਦਾ ਅਹਿਦ,  ਹਰਿਆਵਲ ਘੇਰਾ ਵਧਾਉਣ ਦੀ ਲੋੜ ’ਤੇ ਜ਼ੋਰ
ਸਥਾਨਕ ਸਰਕਾਰਾਂ ਮੰਤਰੀ ਨੇ ਵਿਧਾਇਕਾਂ ਦੀ ਮੌਜੂਦਗੀ ’ਚ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਜਲੰਧਰ (Jatinder Rawat)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ਿਲ੍ਹਾ ਜਲੰਧਰ ਲਈ ਲਾਏ ਇੰਚਾਰਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੀਆਂ ਨਗਰ ਨਿਗਮਾਂ ਵਿੱਚ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕਰਨ ’ਤੇ ਸੰਜੀਦਗੀ ਨਾਲ ਵਿਚਾਰ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਇਕੋ ਥਾਂ ’ਤੇ ਅਰਜ਼ੀ ਦੇ ਕੇ ਮਿਲ ਸਕਣ।
ਨਗਰ ਨਿਗਮ ਜਲੰਧਰ ਵਿੱਚ ਸਿੰਗਲ ਵਿੰਡੋ ਸਿਸਟਮ ਸ਼ੁਰੂ ਕਰਨ ਸਬੰਧੀ ਵਿਸਥਾਰਿਤ ਖਾਕਾ ਤਿਆਰ ਕਰਨ ਅਤੇ ਇਸ ਨੂੰ ਪੂਰੇ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਨਿਗਮ ਕਮਿਸ਼ਨਰ ਨੂੰ ਇਸ ਸਬੰਧੀ ਸੰਭਾਵਨਾਵਾਂ ਤਲਾਸ਼ ਕੇ ਲੋਕਾਂ ਦੀ ਸਹੂਲਤ ਲਈ ਇਹ ਸਿਸਟਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਿਗਮ ਨਾਲ ਸਬੰਧਿਤ ਵੱਖ-ਵੱਖ ਸੇਵਾਵਾਂ ਲੈਣ ਲਈ ਲੋਕਾਂ ਨੂੰ ਵੱਖ-ਵੱਖ ਬ੍ਰਾਂਚਾ ਤੱਕ ਪਹੁੰਚ ਕਰਨੀ ਪੈਂਦੀ ਹੈ, ਜਿਸ ਦੇ ਬਦਲ ਵਜੋਂ ਉਨ੍ਹਾਂ ਨੂੰ ਹੁਣ ਸਿੰਗਲ ਵਿੰਡੋ ਸਿਸਟਮ ਰਾਹੀਂ ਇਕ ਕਾਊਂਟਰ ’ਤੇ ਹੀ ਲੋੜੀਂਦੀ ਸੇਵਾ ਲਈ ਅਰਜ਼ੀ ਦੇਣੀ ਪਵੇਗੀ ਜੋ ਕਿ ਨਿਗਮ ਵਲੋਂ ਸਮੇਂ ਸਿਰ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਬੰਧਿਤ ਬਿਨੈਕਾਰ ਨੂੰ ਮੁਹੱਈਆ ਕਰਵਾ ਦਿੱਤੀ ਜਾਵੇਗੀ। ਡਾ.ਨਿੱਝਰ ਨੇ ਇਸ ਸਬੰਧੀ ਜਲਦ ਤੋਂ ਜਲਦ ਅਮਲ ਸ਼ੁਰੂ ਕਰਦਿਆਂ ਇਹ ਸਿਸਟਮ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ।
ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਡਾ.ਨਿੱਝਰ ਨੇ ਨਗਰ ਨਿਗਮ, ਲੋਕ ਨਿਰਮਾਣ, ਮੰਡੀ ਬੋਰਡ, ਪੇਂਡੂ ਵਿਕਾਸ ਤੇ ਪੰਚਾਇਤਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਸੀਵਰੇਜ ਬੋਰਡ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣ ਵੇਲੇ ਮਿਆਰ ਅਤੇ ਤੈਅ ਸੀਮਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਕੋਈ ਵਿਕਾਸ ਕਾਰਜ ਸ਼ੁਰੂ ਕੀਤਾ ਜਾਵੇਗਾ ਤਾਂ ਸ਼ੁਰੂਆਤ ਵਾਲੀ ਥਾਂ ’ਤੇ ਪ੍ਰਾਜੈਕਟ ਦੀ ਮੁਕੰਮਲ ਜਾਣਕਾਰੀ, ਸ਼ੁਰੂ ਅਤੇ ਖਤਮ ਹੋਣ ਦਾ ਸਮਾਂ, ਸਬੰਧਿਤ ਅਧਿਕਾਰੀਆਂ ਦੇ ਨਾਮ, ਨੰਬਰ ਅਤੇ ਅਹੁਦਾ ਲਿਖ ਕੇ ਬੋਰਡ ਲਗਾਇਆ ਜਾਵੇਗਾ ਤਾਂ ਜੋ ਲੋੜ ਪੈਣ ’ਤੇ ਲੋਕ ਸੰਪਰਕ ਕਰ ਸਕਣ।
ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਪ੍ਰਬੰਧਾਂ ਅਤੇ ਸੀਵਰੇਜ ਸਿਸਟਮ ਵਿੱਚ ਵੱਡੇ ਸੁਧਾਰ ਲਿਆਉਣ ਦਾ ਅਹਿਦ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਸਵੱਛ ਭਾਰਤ ਮਿਸ਼ਨ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਂਦਿਆਂ ਲੋਕਾਂ ਨੂੰ ਹਰ ਮੁੱਢਲੀ ਸਹੂਲਤ ਪ੍ਰਦਾਨ ਕਰਵਾਈ ਜਾਵੇਗੀ। ਡਾ.ਨਿੱਝਰ ਨੇ ਵਿਧਾਇਕ ਬਲਕਾਰ ਸਿੰਘ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਰਮਨ ਅਰੋੜਾ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਜਾਇਜ਼ਾ ਲਿਆ, ਜਿਸ ਤਹਿਤ ਜਲੰਧਰ-ਨਕੋਦਰ ਨੈਸ਼ਨਲ ਹਾਈਵੇ ’ਤੇ 13.11 ਕਿਲੋਮੀਟਰ ਸੜਕ ਬਣਾਈ ਜਾ ਰਹੀ ਹੈ ਜਦਕਿ ਇਸੇ ਤਰ੍ਹਾਂ ਨਕੋਦਰ-ਜਗਰਾਓਂ ਰੋਡ ਤੋਂ ਮਹਿਤਪੁਰ ਅਤੇ ਪਰਜ਼ੀਆਂ ਕਲਾਂ ਤੋਂ ਸ਼ਾਹਕੋਟ ਲਈ ਬਣਨ ਵਾਲੀਆਂ ਸੜਕਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ । ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਲਾਭਪਾਤਰੀਆਂ ਨੂੰ ਜਾਰੀ ਕੀਤੀਆਂ ਜਾ ਰਹੀਆਂ ਕਿਸ਼ਤਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੱਲੋਂ ਲਾਭਪਾਤਰੀਆਂ ਨੂੰ ਜਾਰੀ ਕੀਤੇ ਜਾ ਰਹੇ ਫੰਡਾਂ, ਪ੍ਰਧਾਨ ਮੰਤਰੀ ਅਵਾਸ ਯੋਜਨਾ (ਦਿਹਾਤੀ) ਤਹਿਤ ਡਿਪਟੀ ਸੀ.ਈ.ਓ.ਜ਼ਿਲ੍ਹਾ ਪ੍ਰੀਸ਼ਦ ਵੱਲੋਂ ਲਾਭਪਾਤਰੀਆਂ ਨੂੰ ਜਾਰੀ ਕਿਸ਼ਤਾਂ, ਸਵੱਛ ਭਾਰਤ ਮਿਸ਼ਨ(ਦਿਹਾਤੀ), ਸਰਵ ਸਿੱਖਿਆ ਅਭਿਆਨ, ਮਿੱਡ-ਡੇ ਮੀਲ ਸਕੀਮ, ਏਕੀਕ੍ਰਿਤ ਬਾਲ ਵਿਕਾਸ ਸਕੀਮ, ਗ੍ਰਾਮੀਣ ਕੁਸ਼ੱਲਿਆ ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ, ਐਨ.ਐਫ.ਐਸ.ਏ. ਆਦਿ ਸਕੀਮਾਂ ਦਾ ਵੀ ਸਥਾਨਕ ਸਰਕਾਰਾਂ ਮੰਤਰੀ ਨੇ ਜਾਇਜ਼ਾ ਲਿਆ।
ਸਥਾਨਕ ਸਰਕਾਰਾਂ ਮੰਤਰੀ ਨੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਹਰਿਆਵਲ ਦਾ ਘੇਰਾ ਵਧਾਉਣ ਲਈ ਵੱਧ ਤੋਂ ਵੱਧ ਬੂਟੇ ਲਗਵਾਏ ਜਾਣ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਯੋਗਦਾਨ ਪਾਇਆ ਜਾ ਸਕੇ।
ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵਲੋਂ ਸ਼ਹਿਰ ਅੰਦਰ ਸੀਵਰੇਜ ਪ੍ਰਾਜੈਕਟ ਸਬੰਧੀ ਮਾਮਲਾ ਰੱਖਣ ’ਤੇ ਸਥਾਨਕ ਸਰਕਾਰਾਂ ਮੰਤਰੀ ਨੇ ਸਬੰਧਿਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਕੰਮ ਵਿੱਚ ਪੂਰੀ ਤੇਜ਼ੀ ਲਿਆ ਕੇ ਘੱਟੋ-ਘੱਟ ਸਮੇਂ ਅੰਦਰ ਮੁਕੰਮਲ ਕਰਦਿਆਂ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇ। ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਵਲੋਂ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪੀ.ਏ.ਪੀ. ਚੌਕ ਤੋਂ ਅੰਮ੍ਰਿਤਸਰ ਵਾਲੇ ਪਾਸੇ ਨੂੰ ਬਣਨ ਵਾਲੇ ਫਲਾਈ ਓਵਰ ਦੇ ਪ੍ਰਾਜੈਕਟ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਗੱਲ ਕਰਨ ’ਤੇ ਡਾ.ਨਿੱਝਰ ਨੇ ਭਰੋਸਾ ਦੁਆਇਆ ਕਿ ਇਸ ਸਬੰਧੀ ਜਲਦ ਹੀ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੇ ਵਿਕਾਸ ਕਾਰਜਾਂ ਨੂੰ ਲਾਗੂ ਕਰਨ ਵਿੱਚ ਬੇਲੋੜੀ ਦੇਰੀ ਨੂੰ ਖ਼ਤਮ ਕਰਨ ਅਤੇ ਇਨ੍ਹਾਂ ਕੰਮਾਂ ਦਾ ਮਿਆਰ ਪੂਰਾ ਬਣਾਕੇ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਵਿਧਾਇਕ ਸ਼ੀਤਲ ਅੰਗੂਰਾਲ ਨੇ ਸ਼ਹਿਰ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਗੱਲ ਰੱਖੀ, ਜਿਸ ’ਤੇ ਮੰਤਰੀ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਹੋਰਨਾ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ , ਡੀ.ਸੀ.ਪੀ.(ਹੈਡਕੁਆਰਟਰ) ਵਤਸਲਾ ਗੁਪਤਾ, ਸਮੂਹ ਐਸ.ਡੀ.ਐਮਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी