ਮਣੀਪੁਰ ‘ਚ ਦੋ ਔਰਤਾਂ ਨੂੰ ਨਗਨ ਘੁਮਾਉਣ ਦੀ ਦੋ ਮਹੀਨੇ ਪੁਰਾਣੀ ਵੀਡੀਓ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਹੇਰਾਦਾਸ (32) ਵਜੋਂ ਹੋਈ ਹੈ, ਜਿਸ ਨੂੰ ਵਾਇਰਲ ਵੀਡੀਓ ਦੀ ਮਦਦ ਨਾਲ ਥੌਬਲ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿਚ ਉਹ ਹਰੇ ਰੰਗ ਦੀ ਟੀ-ਸ਼ਰਟ ਪਹਿਨੀ ਨਜ਼ਰ ਆ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਅੱਗੇ ਵਧਦੇ ਹੀ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਣੀਪੁਰ ‘ਚ ਤਣਾਅ ਵਧ ਗਿਆ ਹੈ। ਇਹ ਘਟਨਾ 4 ਮਈ ਨੂੰ ਉੱਤਰ-ਪੂਰਬੀ ਰਾਜ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਵਾਪਰੀ। ਇਸ ਮਾਮਲੇ ‘ਤੇ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ ਕਿ ਸਰਕਾਰ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਦੇਣ ‘ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਕਰੀਬ 1.30 ਵਜੇ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਨੇ ਅਗਵਾ, ਸਮੂਹਿਕ ਬਲਾਤਕਾਰ ਅਤੇ ਕਤਲ ਦਾ ਮਾਮਲਾ ਦਰਜ ਕਰਦਿਆਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ 12 ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਸ਼ਿਕਾਇਤ ਮੁਤਾਬਕ ਘਟਨਾ ਵਾਲੇ ਦਿਨ ਕਰੀਬ 800 ਤੋਂ 1000 ਲੋਕ ਅਤਿ ਆਧੁਨਿਕ ਹਥਿਆਰਾਂ ਨਾਲ ਲੈ ਕੇ ਬੀ. ਫੇਨੋਮ ਪਿੰਡ ਵਿੱਚ ਵੜ ਗਏ ਅਤੇ ਭੰਨਤੋੜ ਕੀਤੀ ਅਤੇ ਜਾਇਦਾਦਾਂ ਲੁੱਟ ਲਈਆਂ ਅਤੇ ਘਰਾਂ ਨੂੰ ਸਾੜ ਦਿੱਤਾ।