ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਨਿਊ ਮੈਕਸੀਕੋ ਡਿਸਟ੍ਰਿਕਟ ਜੱਜ ਡੌਗਲਸ ਡਰੀਗਰਜ ਨੇ ਲਾਸ ਕਰੂਸਸ ਦੇ ਸਾਬਕਾ ਪੁਲਿਸ ਅਫਸਰ ਕ੍ਰਿਸਟੋਫਰ ਸਮੈਲਸਰ ਵਿਰੁੱਧ ਲੱਗੇ ਸੈਕੰਡ ਡਿਗਰੀ ਕਤਲ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਜੱਜ ਨੇ ਕਿਹਾ ਹੈ ਕਿ ਸਮੈਲਸਰ ਵਿਰੁੱਧ ਇਸਤਗਾਸਾ ਪੱਖ ਸਬੂਤ ਪੇਸ਼ ਨਹੀਂ ਕਰ ਸਕਿਆ। 2020 ਵਿਚ ਐਨਟੋਨੀਓ ਵਾਲੇਨਜ਼ੂਏਲਾ ਨਾਮੀ ਵਿਅਕਤੀ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਕ੍ਰਿਸਟੋਫਰ ਸਮੈਲਸਰ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ ਜਿਨਾਂ ਨੂੰ ਅਦਾਲਤ ਨੇ ਸਿਰੇ ਤੋਂ ਖਾਰਜ ਕਰਿਦਆਂ ਕਿਹਾ ਕਿ ਮੁਕੱਦਮੇ ਨੂੰ ਜਾਰੀ ਨਹੀਂ ਰਖਿਆ ਜਾ ਸਕਦਾ। ਸਮੈਲਸਰ ਦੀ ਵਕੀਲ ਬੀਬੀ ਐਮੀ ਓਰਲੈਂਡ ਨੇ ਨਿਰਨੇ ਉਪਰ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਸ ਨਿਰਨੇ ਨਾਲ ਉਸ ਦਾ ਮੁਵੱਕਲ ਸੁੱਖ ਦਾ ਸਾਹ ਲੈ ਸਕੇਗਾ। ਦੂਸਰੇ ਪਾਸੇ ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਹੈਕਟਰ ਬਲਡੇਰਸ ਨੇ ਅਦਾਲਤ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜੱਜ ਨੇ ਗਲਤ ਕੀਤਾ ਹੈ। ਜੱਜ ਨੇ ਜਿਊਰੀ ਨੂੰ ਸਬੂਤਾਂ ਦੇ ਠੀਕ ਜਾਂ ਗਲਤ ਹੋਣ ਬਾਰੇ ਨਿਰਨਾ ਲੈਣ ਵਿਚ ਅੜਿਕਾ ਪਾ ਕੇ ਚੰਗੀ ਉਦਾਹਰਣ ਪੇਸ਼ ਨਹੀਂ ਕੀਤੀ।