ਲੰਡਨ- ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਉਨ੍ਹਾ ਨੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਥਾਂ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਲਈ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦਾ ਅਹੁਦਾਛੱਡਣ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਾਰਟੀ ਦਾ ਨਵਾਂ ਨੇਤਾ ਚੁਣਿਆ ਜਾਵੇਗਾ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇਗਾ।ਰਿਸ਼ੀ ਸੁਨਕ ਦੇ ਦਾਅਵੇ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਕੁੱਲ ਪੰਜ ਜਣੇ ਸ਼ਾਮਲ ਹੋ ਗਏ ਹਨ। ਬੋਰਿਸ ਜਾਨਸਨ ਵੱਲੋਂ ਅਹੁਦਾ ਛੱਡਣ ਦੇ ਐਲਾਨ ਪਿੱਛੋਂ ਇਸ ਅਹੁਦੇ ਲਈ ਪੰਜ ਦਾਅਵੇਦਾਰ ਅੱਗੇ ਆਏ ਹਨ, ਜਿਨ੍ਹਾਂ ਵਿੱਚ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ, ਕੰਜ਼ਰਵੇਟਿਵ ਪਾਰਟੀ ਦੇ ਪਾਰਲੀਮੈਂਟ ਮੈਂਬਰ ਸਟੀਵ ਬੇਕ, ਮੰਤਰੀ ਗ੍ਰਾਂਟ ਸੈਪਸ, ਟਾਮ ਅਤੇ ਰਿਸ਼ੀ ਸੁਨਕ ਸ਼ਾਮਲ ਹਨ।
ਬ੍ਰਿਟਿਸ਼ ਪ੍ਰਧਾਨ ਮੰਤਰੀ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋਏ ਰਿਸ਼ੀ ਸੁਨਕ ਨੇ ਟਵਿੱਟਰ ਉਤੇ ਲਿਖਿਆ, ‘‘ਮੈਂ ਕੰਜ਼ਰਵੇਟਿਵ ਪਾਰਟੀ ਦਾ ਅਗਲਾ ਨੇਤਾ ਤੇ ਤੁਹਾਡਾ ਪ੍ਰਧਾਨ ਮੰਤਰੀ ਬਣਨ ਲਈ ਖੜਾ ਹਾਂ। ਆਓ ਵਿਸ਼ਵਾਸ ਹਾਸਲ ਕਰੀਏ, ਆਰਥਿਕਤਾ ਦਾ ਮੁੜ ਉਸਾਰੀ ਕਰੀਏ ਅਤੇ ਦੇਸ਼ ਨੂੰ ਦੁਬਾਰਾ ਜੋੜੀਏ।” ਰਿਸ਼ੀ ਸੁਨਕ ਬ੍ਰਿਟੇਨ ਦੇ ਵਿੱਤ ਮੰਤਰੀ (ਖਜ਼ਾਨੇ ਦੇ ਚਾਂਸਲਰ) ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤੀ ਮੂਲ ਦੇ ਆਗੂ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਬੋਰਿਸ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ।ਟਵਿੱਟਰ ਉੱਤੇ ਆਪਣੀ ਮੁਹਿੰਮ ਦਾ ਵੀਡੀਓ ਜਾਰੀ ਕਰ ਕ ਉਨ੍ਹਾਂ ਕਿਹਾ, ‘‘ਕਿਸੇ ਨੂੰ ਇਸ ਮੌਕੇਉਠਣਾ ਅਤੇ ਸਹੀ ਫੈਸਲਾ ਲੈਣਾ ਚਾਹੀਦਾ ਹੈ। ਇਸ ਲਈ ਮੈਂ ਕੰਜ਼ਰਵੇਟਿਵ ਪਾਰਟੀ ਦਾ ਅਗਲਾ ਨੇਤਾ ਅਤੇ ਤੁਹਾਡਾ ਪ੍ਰਧਾਨ ਮੰਤਰੀ ਬਣਨ ਲਈ ਖੜ੍ਹਾ ਹਾਂ।” ਰਿਸ਼ੀ ਸੁਨਕ ਨੂੰ ਕੋਰੋਨਾ ਦੌਰਾਨ ਬ੍ਰਿਟੇਨ ਦੇ ਲੋਕਾਂ ਤੋਂ ਕਾਫੀ ਤਾਰੀਫ ਮਿਲੀ ਸੀ। ਕੋਰੋਨਾ ਨਾਲ ਆਈ ਆਰਥਿਕ ਉਥਲ-ਪੁਥਲ ਦੌਰਾਨ ਰਿਸ਼ੀ ਸੁਨਕ ਲਗਾਤਾਰ ਲੋਕਾਂ ਨਾਲ ਜੁੜੇ ਰਹੇ।