ਜਲੰਧਰ – ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਬਿਲਗਾ ਅਤੇ ਥਾਣਾ ਨੂਰਮਹਿਲ ਦੀ ਪੁਲਸ ਨੇ ਇਕ ਔਰਤ ਸਮੇਤ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 640 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲਾਡੀ ਵਾਸੀ ਨਕੋਦਰ, ਰਮਨੀਤ ਸਿੰਘ ਉਰਫ਼ ਸੰਨੀ, ਦੀਪਕ ਸਿੰਘ ਉਰਫ਼ ਦੀਪਾ ਵਾਸੀ ਨੂਰਮਹਿਲ, ਪਰਵਿੰਦਰ ਸਿੰਘ ਉਰਫ਼ ਸੰਨੀ ਵਾਸੀ ਬਿਲਗਾ ਅਤੇ ਅਮਨਦੀਪ ਕੌਰ ਵਾਸੀ ਲੋਹੀਆਂ ਵਜੋਂ ਹੋਈ ਹੈ।
ਥਾਣਾ ਬਿਲਗਾ ਦੇ ਇੰਚਾਰਜ ਮਹਿੰਦਰ ਪਾਲ ਨੇ ਦੱਸਿਆ ਕਿ ਏਐਸਆਈ ਸਤਪਾਲ ਸਿੰਘ ਪੁਲੀਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਖੋਖੇਵਾਲ ਬੱਸ ਸਟੈਂਡ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਪੁਲੀਸ ਨੂੰ ਦੇਖ ਕੇ ਘਬਰਾ ਗਏ। ਪੁਲੀਸ ਨੇ ਜਦੋਂ ਫਰਾਰ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਮੁਲਜ਼ਮਾਂ ਕੋਲੋਂ 250 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ।
ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਨੂਰਮਹਿਲ ਸੁਖਦੇਵ ਸਿੰਘ ਨੇ ਦੱਸਿਆ ਕਿ ਐਸ.ਆਈ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਭੰਗਾਲਾ ਕੋਲ ਮੌਜੂਦ ਸਨ ਤਾਂ ਉਨ੍ਹਾਂ ਸਾਹਮਣੇ ਸੜਕ ‘ਤੇ ਇੱਕ ਕਾਲੇ ਰੰਗ ਦੀ ਸਕੂਟੀ ‘ਤੇ ਸਵਾਰ ਇੱਕ ਔਰਤ ਨੂੰ ਦੋ ਨੌਜਵਾਨਾਂ ਨੂੰ ਕਾਲੇ ਲਿਫ਼ਾਫ਼ੇ ਫੜੇ ਖੜ੍ਹੇ ਦੇਖਿਆ ਤਾਂ ਪੁਲਿਸ ਨੇ ਕਾਬੂ ਕਰ ਕੇ ਤਲਾਸ਼ੀ ਲਈ। ਮੌਕੇ ਤੋਂ ਔਰਤ ਸਮੇਤ ਦੋ ਨੌਜਵਾਨਾਂ ਕੋਲੋਂ 390 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ ਔਰਤ ਕਾਫੀ ਸਮੇਂ ਤੋਂ ਪਾਬੰਦੀਸ਼ੁਦਾ ਗੋਲੀਆਂ ਸਪਲਾਈ ਕਰ ਰਹੀ ਸੀ। ਪੁਲੀਸ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ, ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਮੁਲਜ਼ਮ ਕਿਨ੍ਹਾਂ ਪਾਸੋਂ ਨਸ਼ਾ ਲਿਆ ਕੇ ਵੇਚਦੇ ਸਨ।