ਕਾਂਗਰਸ ਨੇਤਾ ਰਾਹੁਲ ਗਾਂਧੀ ਸਵੇਰੇ ਅਚਾਨਕ ਹਰਿਆਣਾ ਦੇ ਸੋਨੀਪਤ ਵਿਚ ਰੁਕੇ। ਇਥੇ ਉਨ੍ਹਾਂ ਨੇ ਕਿਸਾਨਾਂ ਨਾਲ ਖੇਤਾਂ ਵਿਚ ਝੋਨੇ ਦੀ ਲਵਾਈ ਕੀਤੀ। ਉਨ੍ਹਾਂ ਨੇ ਟਰੈਕਟਰ ਚਲਾ ਕੇ ਖੇਤ ਦੀ ਜੁਤਾਈ ਵੀ ਕੀਤੀ। ਇਸ ਦੌਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਕਿਸਾਨੀ ‘ਤੇ ਗੱਲਬਾਤ ਵੀ ਕੀਤੀ। ਰਾਹੁਲ ਨੇ ਕਿਸਾਨਾਂ ਨਾਲ ਹੀ ਬੈਠ ਕੇ ਨਾਸ਼ਤਾ ਵੀ ਕੀਤਾ।
ਰਾਹੁਲ ਗਾਂਧੀ ਦਿੱਲੀ ਤੋਂ ਸ਼ਿਮਲਾ ਜਾ ਰਹੇ ਸਨ। ਉਹ ਜੀਟੀ ਰੋਡ ‘ਤੇ ਕੁੰਡਲੀ ਬਾਡਰ ਪਹੁੰਚੇ ਤਾਂ ਕਿਸਾਨਾਂ ਦੇ ਵਿਚ ਜਾਣ ਦਾ ਪ੍ਰੋਗਰਾਮ ਬਣਾ ਲਿਆ ਤੇ ਸੋਨੀਪਤ ਦੇ ਪੇਂਡੂ ਇਲਾਕੇ ਦੇ ਰੁਖ਼ ਕਰ ਲਿਆ। ਰਾਹੁਲ ਗਾਂਧੀ NH-48 ਦੇ ਮੁਰਥਲ ਹੁੰਦੇ ਹੋਏ ਕੁਰਾੜ ਰੋਡ ਤੋਂ ਬਾਈਪਾਸ ਦੇ ਰਸਤੇ ਗੋਹਾਣਾ ਵੱਲ ਰਵਾਨਾ ਹੋਏ। ਇਸ ਦੇ ਬਾਅਦ ਉਹ ਆਪਣੇ ਰੂਟ ਤੋਂ ਹਟ ਕੇ ਲਗਭਗ 50 ਕਿਲੋਮੀਟਰ ਦੂਰ ਬਰੋਦਾ ਵਿਧਾਨ ਸਭਾ ਖੇਤਰ ਦੇ ਪਿੰਡ ਮਦੀਨਾ ਵਿਚ ਸਵੇਰੇ ਲਗਭਗ 6.40 ਵਜੇ ਪਹੁੰਚ ਗਏ। ਉਹ ਭੈਂਸਵਾਨ-ਮਦੀਨਾ ਰੋਡ ‘ਤੇ ਸੰਜੇ ਦੇ ਖੇਤ ਵਿਚ ਜਾ ਪਹੁੰਚੇ।
ਮਦੀਨਾ ਪਿੰਡ ਵਿਚ ਲਗਭਗ 2 ਘੰਟੇ ਬਾਅਦ ਰਾਹੁਲ ਗਾਂਧੀ 8.40 ਵਜੇ ਰਵਾਨਾ ਹੋ ਗਏ। ਪਰਤਦੇ ਸਮੇਂ ਉਨ੍ਹਾਂ ਗੋਹਾਣਾ PWD ਰੈਸਟ ਹਾਊਸ ਵਿਚ ਡ੍ਰੈਸ ਚੇਂਜ ਕੀਤੀ। ਫਿਰ ਸੋਨੀਪਤ ਤੋਂ ਅੱਗੇ ਰਵਾਨਾ ਹੋ ਗਏ। ਰਾਹੁਲ ਦੇ ਸੋਨੀਪਤ ਖੇਤ ਵਿਚ ਰੁਕਣ ਦਾ ਪਤਾ ਚੱਲਦੇ ਹੀ ਬਰੋਦਾ ਤੋਂ ਕਾਂਗਰਸ ਵਿਧਾਇਕ ਇੰਦੂਰਾਜ ਨਰਵਾਨ ਤੇ ਗੋਹਾਣਾ ਦੇ ਵਿਧਾਇਕ ਜਗਬੀਰ ਮਲਿਕ ਵੀ ਉਥੇ ਪਹੁੰਚੇ। ਨਰਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਰਾਹੁਲ ਦੇ ਆਉਣ ਦੀ ਸੂਚਨਾ ਨਹੀਂ ਸੀ ਪਰ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਉਹ ਮਿਲਣ ਪਹੁੰਚ ਗਏ।