ਮੋਗਾ: ਮੋਗਾ ਤੋਂ ਕਬੱਡੀ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮੋਗਾ ਦੇ ਪਿੰਡ ਰਾਮੂੰਵਾਲਾ ਨਾਲ ਸਬੰਧਤ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਜਗਦੀਪ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ। ਤੇਜ਼ ਰਫ਼ਤਾਰ ਵਾਹਨ ਵਿੱਚ ਮੋਟਰਸਾਈਕਲ ਆਉਣ ਕਾਰਨ ਕਬੱਡੀ ਖਿਡਾਰੀ ਨਾਲ ਮੋਗਾ ਦੇ ਬਾਘਾਪੁਰਾਣਾ ਰੋਡ ਉਪਰ ਦਰਦਨਾਕ ਹਾਦਸਾ ਵਾਪਰ ਗਿਆ।
ਜਗਦੀਪ ਸਿੰਘ ਦੇ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਹਨਾਂ ਦਾ 28 ਸਾਲਾ ਪੁੱਤਰ ਜਗਦੀਪ ਸਿੰਘ ਨੈਸ਼ਨਲ ਕਬੱਡੀ ਖਿਡਾਰੀ ਸੀ। ਉਹ ਮਨੀਲਾ ਵਿਖੇ ਵੀ ਖੇਡ ਚੁੱਕਿਆ ਹੈ ਤੇ ਅਗਸਤ ਮਹੀਨੇ ਉਸ ਨੇ ਕਬੱਡੀ ਖੇਡਣ ਲਈ ਕੈਨੇਡਾ ਜਾਣਾ ਸੀ। ਉਹਨਾਂ ਦੱਸਿਆ ਕਿ ਜਗਦੀਪ ਰੋਜ਼ਾਨਾ ਦੀ ਤਰ੍ਹਾਂ ਮੋਗਾ ਤੋਂ ਆਪਣੇ ਚਚੇਰੇ ਭਰਾ ਨਾਲ ਜਿੰਮ ਲਗਾ ਕੇ ਵਾਪਸ ਆ ਰਿਹਾ ਸੀ ਤਾਂ ਤੇਜ਼ ਰਫ਼ਤਾਰ ਬਲੈਰੋ ਜੀਪ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਉਸ ਦਾ ਪੁੱਤਰ ਜਗਦੀਪ ਸਿੰਘ ਅਤੇ ਸਤਨਾਮ ਸਿੰਘ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਜਗਦੀਪ ਨੂੰ ਐਂਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਨੂੰ ਮੋਗਾ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਜੀਪ ਚਾਲਕ ਖਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲਾ ਦਰਜ ਕਰਕੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਿਰਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ।