ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਘੱਲੂਘਾਰਾ’ ਹੈ। ਇਸ ਫਿਲਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਉੱਪਰ ਸੈਂਸਰ ਬੋਰਡ ਦੀ ਕੈਂਚੀ ਚੱਲ ਗਈ ਹੈ।
ਇਹ ਫ਼ਿਲਮ 1990 ਦੇ ਦਹਾਕੇ ‘ਚ ਪੰਜਾਬ ਦੇ ਬਗਾਵਤ ਦੇ ਦੌਰ ਦੌਰਾਨ ਇੱਕ ਉੱਘੇ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਜਿਸ ਨੂੰ ਲੈ ਖੂਬ ਚਰਚਾ ਹੋ ਰਹੀ ਹੈ। ਖ਼ਬਰਾਂ ਮੁਤਾਬਕ ਦਿਲਜੀਤ ਦੋਸਾਂਝ ਸਟਾਰਰ ਫ਼ਿਲਮ ਨੂੰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਤੋਂ A ਸਰਟੀਫੀਕੇਟ ਮਿਲਿਆ ਹੈ ਪਰ ਇਸ ਦੇ ਨਾਲ ਹੀ 21 ਕੱਟ ਵੀ ਲਾਏ ਹਨ। ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੇ ਫ਼ਿਲਮ ‘ਚ ਕੁੱਲ 21 ਭੜਕਾਊ ਅਤੇ ਸੰਪਰਦਾਇਕ ਭਾਸ਼ਣ ਅਤੇ ਦ੍ਰਿਸ਼ਾਂ ਉੱਪਰ ਕਟੌਤੀ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ‘ਚ ਭੜਕਾਊ ਅਤੇ ਸੰਪਰਦਾਇਕ ਭਾਸ਼ਣ ਅਤੇ ਦ੍ਰਿਸ਼ ਸ਼ਾਮਲ ਹਨ, ਜੋ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਰੱਖਦੇ ਹਨ।