ਪੰਜਾਬ ਦੀ ਜੇਲ੍ਹਾਂ ਵਿਚ ਖਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਦੇ ਰੱਖਣ ਲਈ ਖਰਚ ਕੀਤੇ ਗਏ 55 ਲੱਖ ਰੁਪਏ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਰੰਧਾਵਾ ਨੂੰ ਨੋਟਿਸ ਭੇਜ ਦਿੱਤਾ ਹੈ। ਬੀਤੇ ਦਿਨੀਂ ਹੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਯੂਪੀ ਦੇ ਗੈਂਗਸਟਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿਚ ਰੱਖਣ ਅਤੇ ਆਪਣੀ ਦੋਸਤੀ ਨਿਭਾਉਣ ਲਈ ਸੁਪਰੀਮ ਕੋਰਟ ਵਿਚ ਉਸ ਦਾ ਕੇਸ ਲੜਨ ਦੀ 55 ਲੱਖ ਫੀਸ ਪੰਜਾਬ ਦੇ ਖਜ਼ਾਨੇ ਤੋਂ ਨਹੀਂ ਦਿੱਤੀ ਜਾਵੇਗੀ। ਪੈਸਾ ਵਸੂਲ ਕੀਤਾ ਜਾਵੇਗਾ। ਭੁਗਤਾਨ ਨਾ ਕਰਨ ਸਥਿਤੀ ਵਿਚ ਉਨ੍ਹਾਂ ਦੀ ਪੈਨਸ਼ਨ ਤੇ ਹੋਰ ਸਰਕਾਰੀ ਲਾਭ ਰੱਦ ਕਰ ਦਿੱਤੇ ਜਾਣਗੇ। ਇਸ ਦੇ ਬਾਅਦ ਸੁਖਜਿੰਦਰ ਰੰਧਾਵਾ ਨੇ ਸੀਐੱਮ ‘ਤੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ ਤੇ ਸੀਐੱਮ ਖਿਲਾਫ ਮਾਨਹਾਨੀ ਦਾ ਮੁਕੱਦਮਾ ਕਰਾਂਗਾ। ਉਨ੍ਹਾਂ ਨੇ ਅੰਸਾਰੀ ਮਾਮਲੇ ਵਿਚ ਰਿਕਵਰੀ ਨੋਟਿਸ ਜਾਰੀ ਕਰਨ ਨੂੰ ਵੀ ਚੁਣੌਤੀ ਦਿੱਤੀ। ਹੁਣ ਇਸ ਵਿਵਾਦ ਵਿਚ ਤਾਜ਼ਾ ਅਪਡੇਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਨੋਟਿਸ ਟਵੀਟ ਕੀਤਾ ਹੈ ਜਿਸ ਵਿਚ ਖਰਚ ਦੀ ਰਕਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਤਕਾਲੀਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਬਰਾਬਰ-ਬਰਾਬਰ ਵਸੂਲਣ ਦੀ ਗੱਲ ਕਹੀ ਗਈ ਹੈ।
ਟਵੀਟ ਵਿਚ ਕਿਹਾ ਗਿਆ ਹੈ ਕਿ ‘ਰੰਧਾਵਾ ਸਾਬ੍ਹ, ‘ਅੰਸਾਰੀ’ ‘ਤੇ ਤੁਹਾਡਾ ਨੋਟਿਸ ਇਥੇ ਹੈ।’ ਗੈਂਗਸਟਰ ਮੁਖਤਾਰ ਅੰਸਾਰੀ ਮੌਜੂਦਾ ਸਮੇਂ ਪੰਜਾਬ ਦੀ ਸੈਂਟਰਲ ਜੇਲ੍ਹ ਵਿਚ ਬੰਦ ਹੈ ਤੇ 32 ਸਾਲ ਪੁਰਾਣੇ ਨਾਰਾਇਣ ਹੱਤਿਆਕਾਂਡ ਵਿਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ।