ਚੰਡੀਗੜ੍ਹ. : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਅਗਲੇ ਉਪ ਰਾਸ਼ਟਰਪਤੀ ਹੋ ਸਕਦੇ ਹਨ। ਭਾਜਪਾ ਉਨ੍ਹਾਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਸਕਦੀ ਹੈ। ਇਹ ਚਰਚਾ ਕੈਪਟਨ ਦੇ ਅਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਨੁੂੰ ਭਾਜਪਾ ਵਿਚ ਰਲੇਵਾਂ ਕਰਨ ਦੀ ਤਿਆਰੀ ਤੋਂ ਬਾਅਦ ਤੇਜ਼ ਹੋ ਗਈ ਹੈ। ਕੈਪਟਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚੰਗੇ ਸਬੰਧ ਹਨ। ਪਾਰਟੀ ਮਰਜ਼ ਕਰਨ ਦੇ ਨਾਲ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਹੋ ਸਕਦਾ ਹੈ।
ਕੈਪਟਨ ਨੇ ਹੁਣੇ ਹੁਣੇ ਲੰਡਨ ਵਿਚ ਸਰਜਰੀ ਕਰਵਾਈ ਹੈ। ਉਹ ਇਸ ਮਹੀਨੇ ਦੇ ਦੂਜੇ ਹਫਤੇ ਪੰਜਾਬ ਪਰਤ ਆਉਣਗੇ। ਦੇਸ਼ ਦੇ ਮੌਜੂਦਾ ਉਪ ਰਾਸ਼ਟਰਪਤੀ ਵੈਂਕਇਆ ਨਾਇਡੂ ਦਾ ਕਾਰਜਕਾਲ 11 ਅਗਸਤ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ 6 ਅਗਸਤ ਨੂੰ ਉਪ ਰਾਸ਼ਟਰਪਤੀ ਚੋਣਾਂ ਹੋਣਗੀਆਂ। ਇਸ ਦੇ ਲਈ 5 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 19 ਜੁਲਾਈ ਤੱਕ ਨਾਮਜ਼ਦਗੀ ਕੀਤੀ ਜਾ ਸਕੇਗੀ।