ਇਸਲਾਮਾਬਾਦ : ਕੁਝ ਦਿਨ ਪਹਿਲਾਂ ਪਿਸ਼ਾਵਰ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਹੁਣ ਸਿੰਧ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਤੱਖਰ ਸਾਹਿਬ ‘ਚ ਬੇਅਦਬੀ ਦੀ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਗੁਰਦੁਆਰਾ ਤੱਖਰ ਸਾਹਿਬ ਵਿਖੇ ਕੀਰਤਨ ਚੱਲ ਰਿਹਾ ਸੀ ਤਾਂ ਕੁਝ ਵਿਅਕਤੀ ਅੰਦਰ ਵੜ ਗਏ ਅਤੇ ਕੀਰਤਨ ਰੋਕ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਇਸ ਦੌਰਾਨ ਪੁਲਿਸ ਨੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਬਾਅਦ ਵਿਚ ਬਿਨ੍ਹਾਂ ਕੋਈ ਕਾਰਵਾਈ ਕੀਤੇ ਛੱਡ ਦਿਤਾ। ਇਸ ਗੱਲ ਦਾ ਪਤਾ ਲਗਦਿਆਂ ਹੀ ਸੰਗਤ ਥਾਣੇ ਪੁੱਜ ਗਈ।
ਗੁਰਦੁਆਰਾ ਸਾਹਿਬ ਦੇ ਕੀਰਤਨੀਏ ਅਜੈ ਸਿੰਘ ਨੇ ਦਸਿਆ ਕਿ ਉਹ ਕੀਰਤਨ ਕਰ ਰਹੇ ਸਨ ਕਿ ਅਚਾਨਕ ਲਾਊਡ ਸਪੀਕਰ ਦੀ ਅਵਾਜ਼ ਘੱਟ ਗਈ ਅਤੇ ਹਫੜਾ-ਦਫੜੀ ਮਚ ਗਈ ਅਤੇ ਕੁਝ ਲੋਕਾਂ ਨੇ ਕੀਰਤਨ ਰੋਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਸਾਡੇ ਕੀਰਤਨ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਰਿਹਾਅ ਕੀਤਾ ਜਾਵੇ। ਪੁਲਿਸ ਨੇ ਉਸ ਦੇ ਵਿਰੁਧ ਐਫ.ਆਈ.ਆਰ. ਦਾਖਲ ਨਹੀਂ ਕੀਤਾ। ਪਾਕਿਸਤਾਨ ਵਿਚ ਸਿੱਖਾਂ, ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ‘ਤੇ ਲਗਾਤਾਰ ਜ਼ੁਲਮ ਹੋ ਰਹੇ ਹਨ।