ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (ਡੇਵਿਏਟ) ਵਿੱਚ ਐਤਵਾਰ-ਸੋਮਵਾਰ ਦਰਮਿਆਨ ਹੋਏ ਝਗੜੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਡੇਵਿਏਟ ਦੇ ਹੋਸਟਲ ਵਿੱਚ ਇੱਕ ਵਿਦਿਆਰਥੀ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਦੋ ਧਿਰਾਂ ਦੀ ਆਪਸ ਵਿੱਚ ਝੜਪ ਹੋ ਗਈ।
ਬਹਿਸ ਤੋਂ ਸ਼ੁਰੂ ਹੋਇਆ ਝਗੜਾ ਲੜਾਈ ਤੱਕ ਪਹੁੰਚ ਗਿਆ। ਲੜਦੇ ਹੋਏ ਦੋਵੇਂ ਧੜੇ ਹੋਸਟਲ ਦੀ ਤੀਜੀ ਮੰਜ਼ਿਲ ‘ਤੇ ਪਹੁੰਚ ਗਏ। ਉਥੇ ਲੜਾਈ ਦੌਰਾਨ ਰੇਲਿੰਗ ਟੁੱਟਣ ਕਰਕੇ ਦੋ ਵਿਦਿਆਰਥੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਇਨ੍ਹਾਂ ‘ਚੋਂ ਇਕ ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਕੁਮਾਰ ਯਾਦਵ ਵਜੋਂ ਹੋਈ ਹੈ। ਕ੍ਰਿਸ਼ਨ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਡੇਵੀਏਟ ਤੋਂ ਬੀ.ਐੱਸ.ਸੀ. ਕਰ ਰਿਹਾ ਸੀ। ਜ਼ਖਮੀ ਵਿਦਿਆਰਥੀ ਦੀ ਪਛਾਣ ਅਮਨ ਵਜੋਂ ਹੋਈ ਹੈ। ਉਹ ਬੀ.ਐਸ.ਸੀ ਦਾ ਵਿਦਿਆਰਥੀ ਵੀ ਹੈ ਅਤੇ ਉਹ ਵੀ ਬਿਹਾਰ ਦਾ ਹੀ ਰਹਿਣ ਵਾਲਾ ਹੈ।
ਡੇਵੀਏਟ ਦੀ ਸਟੂਡੈਂਟ ਵੈਲਫੇਅਰ ਸੁਸਾਇਟੀ ਅਤੇ ਹੋਸਟਲ ਦੇ ਇੰਚਾਰਜ ਡਾਕਟਰ ਸੰਜੀਵ ਨਵਲ ਨੇ ਝਗੜੇ ਦੀ ਪੁਸ਼ਟੀ ਕੀਤੀ ਹੈ। ਸੰਜੀਵ ਨਵਲ ਨੇ ਦੱਸਿਆ ਕਿ ਵਿਦਿਆਰਥੀ ਨੇ ਰਾਤ ਨੂੰ ਹੋਸਟਲ ਵਿੱਚ ਜਨਮ ਦਿਨ ਦੀ ਪਾਰਟੀ ਰੱਖੀ ਸੀ। ਇਸ ਨੂੰ ਲੈ ਕੇ ਕ੍ਰਿਸ਼ਨ ਯਾਦਵ ਅਤੇ ਅਮਨ ਵਿਚਾਲੇ ਬਹਿਸ ਹੋ ਗਈ। ਲੜਾਈ ਦੌਰਾਨ ਦੋਵੇਂ ਹੋਸਟਲ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ।