ਨਿਊਯਾਰਕ (ਰਾਜ ਗੋਗਨਾ )-ਅਮਰੀਕਾ ਦੇ ਸੂਬੇ ਓਹਾਇਓ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਭਾਈ ਕੁਲਵੰਤ ਸਿੰਘ ਪੰਡੋਰੀ ਦੇ ਢਾਡੀ ਜਥੇ ਜਿਸ ਵਿਚ ਭਾਈ ਜਗਜੀਤ ਸਿੰਘ ਢਾਡੀ ਤੇ ਭਾਈ ਹੀਰਾ ਸਿੰਘ ਸਾਰੰਗੀ ਮਾਸਟਰ ਸ਼ਾਮਲ ਸਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਦੀਆਂ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਗ੍ਰੰਥੀ ਭਾਈ ਹੇਮ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਉਹਨਾਂ ਤੋਂ ਪਹਿਲਾਂ ਬੱਚਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਸੇਵਾਦਾਰ ਕਮੇਟੀ ਨੇ ਜਿੱਥੇ ਸਾਧ ਸੰਗਤ ਵਲੋਂ ਸਹਿਜ ਪਾਠ ਦੀ ਸੇਵਾ ਕਰਨ, ਬੱਚਿਆਂ ਵਲੋਂ ਕੀਰਤਨ ਕਰਨ ਅਤੇ ਢਾਡੀ ਜਥੇ ਦਾ ਧੰਨਵਾਦ ਕੀਤਾ, ਉੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪ੍ਰੋ. ਗੁਰਚਰਨ ਸਿੰਘ ਦੀ ਦੇਖ ਰੇਖ ਵਿੱਚ 1 ਜੁਲਾਈ ਤੋਂ 4 ਜੁਲਾਈ ਤੀਕ ਬੱਚਿਆਂ ਦਾ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕੈਂਪ ਲਾਇਆ ਜਾਵੇਗਾ।3 ਜੁਲਾਈ ਨੂੰ ਸਵੇਰੇ 10:30 ਵਜੇ ਅਮਰੀਕੀ ਝੰਡਾ ਲਹਿਰਾਇਆ ਜਾਵੇਗਾ ਤੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਬੀਵਰਕਰੀਕ ਦੇ ਕਮਿਸ਼ਨਰ ਰਿੱਕ ਪ੍ਰੇਲਸ ਇਸ ਮੋਕੇ ਤੇ ਵਿਸ਼ੇਸ਼ ਮਹਿਮਾਨ ਹੋਣਗੇ। ਸੰਗਤਾਂ ਨੂੰ 4 ਜੁਲਾਈ ਦੇ ਅਮਰੀਕੀ ਅਜ਼ਾਦੀ ਦਿਹਾੜੇ ਦੀ ਸ਼ਾਮ ਨੂੰ ਬੀਵਰਕਰੀਕ ਵਿੱਚ ਹੋਣ ਵਾਲੀ ਪਰੇਡ ਵਿਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ ਗਈ।