* 18 ਤੋਂ 21 ਸਾਲ ਦੇ ਨੌਜਵਾਨ ਨਹੀਂ ਖਰੀਦ ਸਕਣਗੇ ਆਸਾਨੀ ਨਾਲ ਗੰਨ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਦਹਾਕਿਆਂ ਤੋਂ ਗੰਨ ਹਿੰਸਾ ਨਾਲ ਨਜਿੱਠਣ ਲਈ ਉੱਠ ਰਹੀ ਮੰਗ ਨੂੰ ਉਸ ਵੇਲੇ ਬੂਰ ਪਿਆ ਜਦੋਂ ਅਮਰੀਕੀ ਸੰਸਦ ਨੇ ਇਸ ਸਬੰਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਜਿਸ ਤਹਿਤ ਨੌਜਵਾਨਾਂ ਲਈ ਗੰਨ ਖਰਦੀਣਾ ਆਸਾਨ ਨਹੀਂ ਹੋਵੇਗਾ ਤੇ ਉਨਾਂ ਨੂੰ ਗੰਨ ਖਰੀਦਣ ਲਈ ਇਕ ਪ੍ਰਕ੍ਰਿਆ ਵਿਚੋਂ ਲੰਘਣਾ ਪਵੇਗਾ। ਰਾਸ਼ਟਰਪਤੀ ਜੋਅ ਬਾਈਡਨ ਦੇ ਦਸਤਖਤਾਂ ਤੋਂ ਬਾਅਦ ਇਹ ਬਿੱਲ ਕਾਨੂੰਨ ਵਿਚ ਤਬਦੀਲ ਹੋ ਜਾਵੇਗਾ। ਪ੍ਰਤੀਨਿੱਧ ਸਦਨ ਵਿਚ ਬਿੱਲ ਦੇ ਹੱਕ ਵਿਚ 234 ਤੇ ਵਿਰੋਧ ਵਿਚ 193 ਵੋਟਾਂ ਪਈਆਂ। 14 ਰਿਪਬਲੀਕਨਾਂ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ। ਸੈਨੇਟ ਨੇ ਲੰਘੇ ਦਿਨ ਦੇਰ ਰਾਤ ਗਏ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਸੈਨੇਟ ਵਿਚ 15 ਰਿਪਬਲੀਕਨ ਮੈਂਬਰਾਂ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ। ਬਿੱਲ ਦੇ ਹੱਕ ਵਿਚ 65 ਤੇ ਵਿਰੋਧ ਵਿਚ 33 ਵੋਟਾਂ ਪਈਆਂ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਜੋ ਪਿਛਲੇ ਸਮੇ ਤੋਂ ਗੰਨ ਹਿੰਸਾ ਵਿਰੋਧੀ ਬਿੱਲ ਪਾਸ ਕਰਵਾਉਣ ਦੇ ਯਤਨ ਵਿਚ ਸਨ। ਬਿੱਲ ਵਿਚ 18 ਤੋਂ 21 ਸਾਲ ਦੇ ਨੌਜਵਾਨਾਂ ਉਪਰ ਕਈ ਤਰਾਂ ਦੀਆਂ ਰੋਕਾਂ ਲਾਈਆਂ ਗਈਆਂ ਹਨ ਤੇ ਗੰਨ ਖਰੀਦਣ ਸਬੰਧੀ ਪ੍ਰਕ੍ਰਿਆ ਵਿਚ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ । ਨੌਜਵਾਨ ਆਸਾਨੀ ਨਾਲ ਗੰਨ ਨਹੀਂ ਖਰੀਦ ਸਕਣਗੇ। ਗੰਨ ਹਿੰਸਾ ਦੇ ਮਾਮਲੇ ਵਿਚ ਚੋਰ ਮੋਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਦੋਸ਼ੀ ਬਚ ਕੇ ਨਾ ਨਿਕਲ ਸਕਣ। ਹਾਲਾਂ ਕਿ ਇਹ ਬਿੱਲ ਕਿਸੇ ਵੀ ਹਥਿਆਰ ਉਪਰ ਪਾਬੰਦੀ ਲਾਉਣ ਵਿੱਚ ਨਾਕਾਮ ਰਿਹਾ ਹੈ ਤੇ ਜਿਆਦਾਤਰ ਅਮਰੀਕੀਆਂ ਦੀ ਆਸ ਉਪਰ ਖਰਾ ਨਹੀਂ ਉਤਰਿਆ ਜੋ ਨੌਜਵਾਨਾਂ ਦੇ ਹੱਥਾਂ ਤੋਂ ਗੰਨ ਨੂੰ ਦੂਰ ਰਖਣ ਦੇ ਹੱਕ ਵਿਚ ਸਨ। ਫਿਰ ਵੀ 1994 ਵਿਚ ਅਸਾਲਟ ਹਥਿਆਰਾਂ ਦੀ ਖਰੀਦ ਉਪਰ ਲੱਗੀ ਪਾਬੰਦੀ ਖਤਮ ਹੋਣ ਤੋਂ ਬਾਅਦ ਗੰਨ ਹਿੰਸਾ ਨਾਲ ਨਜਿੱਠਣ ਲਈ ਇਸ ਬਿੱਲ ਨੂੰ ਅਹਿਮ ਸਮਝਿਆ ਜਾ ਰਿਹਾ ਹੈ। ਡੈਮੋਕਰੈਟਿਕ ਪਾਰਟੀ ਦੀ ਗੰਨ ਹਿੰਸਾ ਨਾਲ ਨਜਿੱਠਣ ਦੀ ਪ੍ਰਮੁੱਖ ਤਰਜੀਹ ਰਹੀ ਹੈ। ਖਾਸ ਕਰਕੇ ਹਾਲ ਹੀ ਵਿਚ ਉਵਾਲਡੇ ( ਟੈਕਸਾਸ) ਦੇ ਇਕ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਡੈਮੋਕਰੈਟਿਕ ਪਾਰਟੀ ਲਈ ਗੰਨ ਹਿੰਸਾ ਨੂੰ ਰੋਕਣਾ ਪ੍ਰਮੁੱਖ ਮੁੱਦਾ ਬਣ ਗਿਆ ਸੀ। ਰਾਸ਼ਟਰਪਤੀ ਨੇ ਉਵਾਲਡੇ ਦੇ ਪੀੜਤ ਮਾਪਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਗੰਨ ਹਿੰਸਾ ਨਾਲ ਨਜਿੱਠਣ ਲਈ ਕਦਮ ਚੁੱਕਣਗੇ। ਜਦੋਂ ਰਾਸ਼ਰਪਤੀ ਬਾਈਡਨ ਉਵਾਲਡੇ ਦੇ ਪੀੜਤ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਗਏ ਸਨ ਤਾਂ ਉਥੇ ਮੌਜੂਦ ਇਕ ਵਿਅਕਤੀ ਨੇ ਉਨਾਂ ਨੂੰ ਕਿਹਾ ਸੀ ”ਕੁਝ ਕਰੋ”। ਇਸ ‘ਤੇ ਰਾਸ਼ਟਰਪਤੀ ਨੇ ਜਵਾਬ ਵਿਚ ਕਿਹਾ ਸੀ ਯਕੀਨਨ ਕੀਤਾ ਜਾਵੇਗਾ। ਦੋਨਾਂ ਪਾਰਟੀਆਂ ਦੇ ਗੱਲਕਾਰਾਂ ਨੇ ਸੈਨੇਟ ਵਿਚੋਂ ਬਿੱਲ ਪਾਸ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਗੱਲਕਾਰਾਂ ਵੱਲੋਂ ਵਿਚਾਰ ਵਟਾਂਦਰੇ ਉਪਰੰਤ ” ਬਾਈਪਾਰਟੀਸਨ ਸੇਫਰ ਕਮਿਊਨਿਟੀਜ ਐਕਟ” ਨਾਮੀ ਇਸ ਬਿੱਲ ਨੂੰ ਨਾਰਥ ਕਾਰੋਲੀਨਾ ਦੇ ਰਿਬਪਬਲੀਕਨ ਸੈਨੇਟਰ ਜੌਹਨ ਕੋਰਨਾਇਨ ਤੇ ਥਾਮਸ ਟਿਲਜ ਅਤੇ ਡੈਮੋਕਰੈਟਿਕ ਸੈਨੇਟਰ ਕ੍ਰਿਸ ਮਰਫੀ ਕੋਨੈਕਟੀਕਟ ਤੇ ਕ੍ਰਿਸ਼ਟਨ ਸੀਨੇਮਾ ਐਰੀਜੋਨਾ ਨੇ ਪੇਸ਼ ਕੀਤਾ ਸੀ।