ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਲੋਗਾਨ ਕਾਊਂਟੀ ਵਿਚ ਪੱਛਮੀ ਵਰਜਨੀਆ ਵਿੱਚ ਵਿਅਤਨਾਮ ਜੰਗ ਵੇਲੇ ਦਾ ਇਕ ਹੈਲੀਕਾਪਟਰ ਤਬਾਹ ਹੋ ਗਿਆ ਤੇ ਉਸ ਵਿਚ ਸਵਾਰ ਸਾਰੇ 6 ਵਿਅਕਤੀਆਂ ਦੀ ਮੌਤ ਹੋ ਗਈ। ਲੋਗਾਨ ਕਾਊਂਟੀ ਐਮਰਜੈਂਸੀ ਅਥਾਰਟੀ ਚੀਫ ਆਫ ਆਪਰੇਸ਼ਨਜ ਰੇਅ ਬਰੀਆਂਟ ਨੇ ਇਹ ਜਾਣਕਾਰੀ ਇਕ ਬਿਆਨ ਰਾਹੀਂ ਦਿੰਦਿਆਂ ਕਿਹਾ ਹੈ ਕਿ ਮ੍ਰਿਤਕਾਂ ਵਿਚ ਇਕੋ ਇਕ ਅਮਲੇ ਦਾ ਮੈਂਬਰ ਤੇ 5 ਯਾਤਰੀ ਸ਼ਾਮਿਲ ਹਨ। ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਦਿਹਾਤੀ ਖੇਤਰ ਦੀ ਇਕ ਸੜਕ ਉਪਰ ਆ ਡਿੱਗਾ। ਡਿੱਗਦਿਆਂ ਸਾਰ ਹੀ ਇਸ ਨੂੰ ਅੱਗ ਲੱਗ ਗਈ। ਹਾਲਾਂ ਕਿ ਆਸਪਾਸ ਦੇ ਲੋਕਾਂ ਨੇ ਮੌਕੇ ਉਪਰ ਪਹੁੰਚ ਕੇ ਹੈਲੀਕਾਪਟਰ ਵਿਚ ਸਵਾਰ ਲੋਕਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਇਹ ਹੈਲੀਕਾਪਟਰ ਮਾਰਪੈਟ ਐਵੀਏਸ਼ਨ ਦਾ ਸੀ । ਮਾਰਪੈਟ ਐਵੀਏਸ਼ਨ ਅਨੁਸਾਰ ਤਬਾਹ ਹੋਏ ਯੂ ਐਚ-ਆਈ ਹੀ ਹੂਈ ਹੈਲੀਕਾਪਟਰ ਦਾ ਛੋਟਾ ਨਾਂ ‘ਮਿਸ ਫਿੱਟ’ ਸੀ ਤੇ ਇਸ ਨੇ ਪਹਿਲੀ ਵਾਰ ਵਿਅਤਨਾਮ ਵਿਚ 1962 ਵਿੱਚ ਉਡਾਨ ਭਰੀ ਸੀ। 1971 ਵਿਚ ਇਹ ਅਮਰੀਕਾ ਪਰਤ ਆਇਆ ਸੀ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਇਸ ਹੈਲੀਕਾਪਟਰ ਨੂੰ ਅਪਰੈਲ 2017 ਵਿਚ ਸਰਟੀਫਿਕੇਟ ਜਾਰੀ ਕੀਤਾ ਸੀ। ਇਸ ਹੈਲੀਕਾਪਟਰ ਦੀ ‘ਡਾਈ ਹਾਰਡ’, ‘ਦ ਰਾਕ’, ”ਆਊਟਬਰੇਕ’, ਤੇ ਬੇਵਾਚ ਆਦਿ ਫਿਲਮਾਂ ਵਿਚ ਵੀ ਵਰਤੋਂ ਕੀਤੀ ਗਈ ਸੀ।