ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਬਾਈਡਨ ਪ੍ਰਸ਼ਾਸਨ ਤਕਰੀਬਨ 2 ਲੱਖ ਉਨਾਂ ਵਿਦਿਆਰਥੀਆਂ ਦੇ ਕਰਜੇ ਉਪਰ ਲਕੀਰ ਫੇਰਨ ਲਈ ਰਾਜੀ ਹੋ ਗਿਆ ਹੈ ਜਿਨਾਂ ਨੇ ਦੋਸ਼ ਲਾਇਆ ਸੀ ਕਿ ਉਨਾਂ ਨਾਲ ਸਕੂਲਾਂ, ਜਿਨਾਂ ਵਿਚ ਉਹ ਦਾਖਲ ਹੋਏ ਸਨ,ਨੇ ਧੋਖਾ ਕੀਤਾ ਹੈ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਸੰਘੀ ਅਦਾਲਤ ਵਿਚ ਲੰਘੇ ਦਿਨ ਦਾਖਲ ਕੀਤੇ ਗਏ ਪ੍ਰਸਤਾਵਿਤ ਸਮਝੌਤੇ ਅਨੁਸਾਰ ਕਰਜੇ ਮੁਆਫ ਕਰ ਦੇਵੇਗਾ। ਇਹ ‘ਨਿਪਟਾਰਾ ਇਕਰਾਰਨਾਮਾ’ 2019 ਵਿਚ ਅਦਾਲਤ ਵਿਚ ਦਾਇਰ ਕੀਤੀ ਗਈ ਇਕ ਪਟੀਸ਼ਨ ਦੇ ਸੰਦਰਭ ਵਿਚ ਕੀਤਾ ਗਿਆ ਹੈ ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਟਰੰਪ ਪ੍ਰਸ਼ਾਸਨ ਤੇ ਬਾਈਡਨ ਪ੍ਰਸ਼ਾਸਨ ਨੇ ਕਰਜਾ ਲੈਣ ਵਾਲਿਆਂ ਨੂੰ ਰਾਹਤ ਦੇਣ ਵਿੱਚ ਜਾਣਬੁਝਕੇ ਦੇਰੀ ਕੀਤੀ ਹੈ। ਅਦਾਲਤ ਵੱਲੋਂ ਪ੍ਰਵਾਨ ਕਰਨ ਉਪਰੰਤ ਇਸ ਸਮਝੌਤੇ ਉਪਰ ਅਮਲ ਹੋਵੇਗਾ ਤੇ ਇਸ ਸਬੰਧੀ ਅਗਲੀ ਸੁਣਵਾਈ ਅਗਲੇ ਮਹੀਨੇ ਹੋਵੇਗੀ। ਕਰਜਾ ਮੁਆਫੀ ਤੋਂ ਇਲਾਵਾ ਸਿੱਖਿਆ ਵਿਭਾਗ ਨੂੰ ਕੀਤੇ ਗਏ ਹੋਰ ਭੁਗਤਾਨ ਵੀ ਵਿਦਿਆਰਥੀਆਂ ਨੂੰ ਵਾਪਿਸ ਕੀਤੇ ਜਾਣਗੇ।