ਪਣਜੀ- ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੇ ਕਤਲ ਦੇ ਮੁੱਖ ਮੁਲਜ਼ਮ ਸੁਧੀਰ ਸਾਗਵਾਨ ਨੂੰ ਗੋਆ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਸਾਲ ਅਗਸਤ ਵਿੱਚ ਫੋਗਾਟ (43) ਆਪਣੇ ਦੋ ਸਾਥੀਆਂ ਨਾਲ ਪਾਰਟੀ ਕਰਨ ਤੋਂ ਬਾਅਦ ਅੰਜੁਨਾ ਪਿੰਡ ਵਿੱਚ ਮ੍ਰਿਤ ਮਿਲੀ ਸੀ। ਦੋਵਾਂ ‘ਤੇ ਫੋਗਾਟ ਨੂੰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਖੁਆਉਣ ਦਾ ਦੋਸ਼ ਹੈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸਾਗਵਾਨ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਸ ਨੂੰ ਇੱਕ ਲੱਖ ਰੁਪਏ ਦੇ ਮੁਚਲਕੇ ‘ਤੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਸਾਂਗਵਾਨ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ ਉਸ ਦੇ ਮੁਵੱਕਿਲ ਨੂੰ ਰਾਜ ਨਾ ਛੱਡਣ ਅਤੇ ਹਰ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਗੋਆ ਪੁਲੀਸ ਨੇ ਪਿਛਲੇ ਸਾਲ ਇਸ ਮਾਮਲੇ ਵਿੱਚ ਸਾਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਫੋਗਾਟ ਛੁੱਟੀਆਂ ਮਨਾਂਉਣ ਗੋਆ ਗਈ ਸੀ ਤੇ 22-23 ਅਗਸਤ 2022 ਦੀ ਦਰਮਿਆਨੀ ਰਾਤ ਨੂੰ ਨਸ਼ੇ ਦੀ ‘ਓਵਰਡੋਜ਼’ ਕਾਰਨ ਉਸ ਦੀ ਮੌਤ ਹੋ ਗਈ। ਉਹ ਆਪਣੇ ਦੋ ਪੁਰਸ਼ ਸਾਥੀਆਂ ਨਾਲ ਗੋਆ ਪਹੁੰਚੀ ਸੀ।