ਗੁਰਦਾਸਪੁਰ ਜ਼ਿਲੇ ਦੇ ਅਧੀਨ ਪੈਂਦੇ ਬਟਾਲਾ ‘ਚ ਸ਼ਿਵ ਸੈਨਾ ਦੇ ਇਕ ਨੇਤਾ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਘਟਨਾ ‘ਚ ਸ਼ਿਵ ਸੈਨਾ ਨੇਤਾ ਰਾਜੀਵ ਮਹਾਜਨ ਦੇ ਨਾਲ-ਨਾਲ ਦੁਕਾਨ ‘ਤੇ ਮੌਜੂਦ ਉਨ੍ਹਾਂ ਦੇ ਬੇਟੇ ਮਾਨਵ ਅਤੇ ਭਰਾ ਅਨਿਲ ਮਹਾਜਨ ਨੂੰ ਵੀ ਗੋਲੀਆਂ ਲੱਗੀਆਂ। ਜ਼ਖਮੀਆਂ ਨੂੰ ਤੁਰੰਤ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਹੁਣ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਹਮਲਾਵਰ ਗਾਹਕ ਬਣ ਕੇ ਦੁਕਾਨ ‘ਚ ਆਏ ਸੀ।
ਜਾਣਕਾਰੀ ਅਨੁਸਾਰ ਘਟਨਾ ਸ਼ਨੀਵਾਰ ਦੁਪਹਿਰ ਵਾਪਰੀ। ਸ਼ਿਵ ਸੈਨਾ ਨੇਤਾ ਰਾਜੀਵ ਮਹਾਜਨ ਆਪਣੇ ਭਰਾ ਅਤੇ ਪੁੱਤਰ ਸਮੇਤ ਦੁਕਾਨ ’ਤੇ ਮੌਜੂਦ ਸੀ। ਇਸ ਦੌਰਾਨ ਹਮਲਾਵਰ ਦੁਕਾਨ ਦੇ ਅੰਦਰ ਆਇਆ ਅਤੇ LED ਦਿਖਾਉਣ ਦੀ ਗੱਲ ਕਰਨ ਲੱਗਾ। ਕੁਝ ਸਮੇਂ ਬਾਅਦ ਹਮਲਾਵਰ ਬਾਹਰ ਚਲਾ ਗਿਆ। ਇਸ ਤੋਂ ਬਾਅਦ ਉਹ ਅਤੇ ਗਲੀ ‘ਚ ਘੁੰਮ ਰਹੇ ਦੋ ਹਮਲਾਵਰ ਵੀ ਦੁਕਾਨ ‘ਤੇ ਆ ਗਏ। ਤਿੰਨਾਂ ਨੇ ਮਿਲ ਕੇ ਲਗਾਤਾਰ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ। ਦੋਵੇਂ ਹਮਲਾਵਰ ਨੇੜਲੇ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਜਦੋਂ ਹਮਲਾਵਰਾਂ ਵਿੱਚੋਂ ਇੱਕ LED ਦਾ ਪਤਾ ਲਗਾਉਣ ਲਈ ਦੁਕਾਨ ‘ਤੇ ਗਿਆ, ਤਾਂ ਦੋਵਾਂ ਨੂੰ ਨੇੜਲੀ ਗਲੀ ਵਿੱਚ ਘੁੰਮਦੇ ਦੇਖਿਆ ਗਿਆ। ਦੁਕਾਨ ਦੇ ਅੰਦਰ ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ। ਪੁਲਿਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।