ਨੈਟਵਰਕਿੰਗ ਰਾਹੀਂ ਡਿਜੀਟਲ ਕਰੰਸੀ ਵਿਚ ਪੈਸੇ ਨਿਵੇਸ਼ ਕਰਨ ਵਾਲੀ ਵਿਦੇਸ਼ੀ ਪ੍ਰਾਈਵੇਟ ਕੰਪਨੀ ਨਾਲ ਜੁੜੇ ਹਜ਼ਾਰਾਂ ਲੋਕਾਂ ਨੂੰ ਪਿਛਲੇ ਹਫ਼ਤੇ ਤੋਂ ਦਿੱਤਾ ਜਾਣ ਵਾਲਾ ਲਾਭ ਬੰਦ ਕਰ ਦਿੱਤਾ ਗਿਆ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਕੰਪਨੀ ਕਰੋੜਾਂ ਰੁਪਏ ਲੈ ਕੇ ਰਫੂਚੱਕਰ ਹੋ ਗਈ ਹੈ। ਨਿਵੇਸ਼ਕਾਂ ਅੰਮ੍ਰਿਤਪਾਲ ਅਤੇ ਸੁਰਿੰਦਰ ਸਿੰਘ ਵੱਲੋਂ ਇਸ ਸਬੰਧੀ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਕੰਪਨੀ 2021 ਤੋਂ ਭਾਰਤ ਵਿਚ ਨੈਟਵਰਕਿੰਗ ਰਾਹੀਂ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਵਿਅਕਤੀ ਨੇ ਨਿਵੇਸ਼ਕਾਂ ਨੂੰ ਦੱਸਿਆ ਕਿ ਜੇ ਕੋਈ ਵੀ ਵਿਅਕਤੀ ਡਿਜੀਟਲ ਕਰੰਸੀ ਵਿੱਚ ਘੱਟੋ ਘੱਟ 4000 ਰੁਪਏ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਰੋਜ਼ਾਨਾ 172 ਰੁਪਏ ਲਾਭ ਵਜੋਂ ਮਿਲਦੇ ਹਨ। ਇਸ ਕਾਰਨ ਰਾਸ਼ੀ ਮਹੀਨੇ ਵਿਚ ਦੁੱਗਣੀ ਹੋ ਜਾਂਦੀ ਸੀ। ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਇਹ ਵੀ ਲਾਲਚ ਦਿੱਤਾ ਜਾਂਦਾ ਸੀ ਕਿ ਜੇ ਉਹ ਅੱਗਿਓਂ ਹੋਰ ਗਾਹਕ ਲਿਆਉਣਗੇ ਤਾਂ ਵੱਖਰਾ ਕਮਿਸ਼ਨ ਮਿਲੇਗਾ। ਮਾਛੀਵਾੜਾ-ਸਮਰਾਲਾ ਇਲਾਕੇ ਵਿੱਚ ਪਿਛਲੇ 70 ਦਿਨਾਂ ਤੋਂ ਇਹ ਗਰੁੱਪ ਸ਼ੁਰੂ ਹੋਇਆ ਸੀ ਤੇ 1250 ਵਿਅਕਤੀਆਂ ਨੇ ਲੱਖਾਂ ਰੁਪਏ ਇਸ ਵਿੱਚ ਨਿਵੇਸ਼ ਕਰ ਦਿੱਤੇ। ਡਿਜੀਟਲ ਕਰੰਸੀ ਵਿਚ ਨਿਵੇਸ਼ ਕਰਨ ਵਾਲੇ ਵਿਅਕਤੀ ਬੈਂਕ ਜਾਂ ਯੂਪੀਆਈ ਖਾਤੇ ਰਾਹੀਂ ਕੰਪਨੀ ਨੂੰ ਪੈਸੇ ਭੇਜਦੇ ਸਨ ਜਿਨ੍ਹਾਂ ਨੂੰ ਕੰਪਨੀ ਬੈਂਕ ਰਾਹੀਂ ਹੀ ਲਾਭ ਅਦਾ ਕਰ ਦਿੰਦੀ ਸੀ। ਕੰਪਨੀ ਦਾ ਭਾਰਤ ਵਿਚ ਨਾ ਕੋਈ ਦਫ਼ਤਰ ਹੈ ਅਤੇ ਨਾ ਹੀ ਕੰਪਨੀ ਦੇ ਕਿਸੇ ਅਧਿਕਾਰੀ ਨੂੰ ਕੋਈ ਨਿੱਜੀ ਤੌਰ ’ਤੇ ਮਿਲਿਆ ਹੈ।