ਜਲੰਧਰ- ਦੇਸ਼ ਦੇ 13 ਰਾਜਾਂ ਵਿੱਚ ਫੈਲੀ ਅਗਨੀਪੱਥ ਯੋਜਨਾ ਦੇ ਵਿਰੋਧ ਦੀ ਚੰਗਿਆੜੀ ਸ਼ਨੀਵਾਰ ਨੂੰ ਜਲੰਧਰ ਵਿੱਚ ਵੀ ਭੜਕ ਗਈ। ਸਵੇਰੇ ਵੱਖ-ਵੱਖ ਥਾਵਾਂ ਤੋਂ ਨੌਜਵਾਨਾਂ ਨੇ ਇਕੱਠੇ ਹੋ ਕੇ ਪੀਏਪੀ ਚੌਕ ’ਤੇ ਜਾਮ ਲਗਾ ਦਿੱਤਾ।
ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਜੇਕਰ ਫੌਜ ਵਿਚ ਇਸ ਤਰ੍ਹਾਂ ਹੀ ਕਰਨਾ ਹੈ ਤਾਂ ਪੁਲਿਸ ਦੀ ਭਰਤੀ ਵੀ ਦੋ ਸਾਲ ਲਈ ਕੀਤੀ ਜਾਵੇ ਅਤੇ ਮੰਤਰੀਆਂ ਦਾ ਕਾਰਜਕਾਲ 2 ਸਾਲ ਕਰਕੇ ਉਨ੍ਹਾਂ ਦੀ ਪੈਨਸ਼ਨ ਬੰਦ ਕੀਤੀ ਜਾਵੇ
ਨੌਜਵਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਭਵਿੱਖ ਨਾਲ ਖੇਡ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਫੌਜ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਹੈ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਉਹ ਫੌਜ ਵਿੱਚ ਭਰਤੀ ਹੋਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਪਰ ਹੁਣ ਸਰਕਾਰ ਨੇ ਨਵਾਂ ਫ਼ਰਮਾਨ ਜਾਰੀ ਕਰਕੇ ਉਨ੍ਹਾਂ ਦੇ ਸੁਪਨੇ ਬਰਬਾਦ ਕਰ ਦਿੱਤੇ ਹਨ। ਇੱਕ ਪਾਸੇ ਜਿੱਥੇ ਕਰੋਨਾ ਕਾਰਨ ਫੌਜ ਦੀ ਭਰਤੀ ਦੋ ਸਾਲਾਂ ਤੋਂ ਬੰਦ ਸੀ ਉੱਥੇ ਹੀ ਹੁਣ ਸਰਕਾਰ ਦੇ ਫ਼ਰਮਾਨ ਨੇ ਫ਼ੌਜ ਵਿੱਚ ਜਾਣ ਵਾਲੇ ਸਾਰੇ ਨੌਜਵਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ।ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਅਗਨੀਪਥ ਦੇ ਵਿਰੋਧ ਦੀ ਲਾਟ ਪੰਜਾਬ ਪਹੁੰਚ ਗਈ ਸੀ। .ਪੰਜਾਬ ਦੇ ਹਿਮਾਚਲ ਦੇ ਨਾਲ ਲੱਗਦੇ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਦੇ ਨਾਲ-ਨਾਲ ਮੁੱਖ ਮੰਤਰੀ ਦੇ ਗ੍ਰਹਿ ਖੇਤਰ ਸੰਗਰੂਰ ਵਿੱਚ ਵੀ ਨੌਜਵਾਨਾਂ ਨੇ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਇਸ ਦੌਰਾਨ ਕਿਸੇ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਹੈ। ਜਨਤਕ ਥਾਵਾਂ, ਬੱਸ ਅੱਡਿਆਂ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਤੱਕ ਖਦਸ਼ੇ ਦੇ ਮੱਦੇਨਜ਼ਰ ਪਹਿਲਾਂ ਹੀ ਪੂਰੀ ਸੁਰੱਖਿਆ ਵਧਾ ਦਿੱਤੀ ਗਈ ਹੈ।