ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ)- ਸਕਾਟਿਸ਼ ਲੋਕ ਭਾਰਤੀ ਖਾਣੇ ਨੂੰ ਐਨਾ ਜ਼ਿਆਦਾ ਪਸੰਦ ਕਰਦੇ ਹਨ ਕਿ ਸਕਾਟਲੈਂਡ ਵਿਚ ਪੈਰ ਪੈਰ ‘ਤੇ ਭਾਰਤੀ ਰੈਸਟੋਰੈਟ ਜਾਂ ਟੇਕ ਅਵੇਅ ਮਿਲ ਜਾਣਗੇ | ਗਲਾਸਗੋ ਦੇ ਮੈਰੀਅਟ ਹੋਟਲ ਵਿਚ ਸਕਾਟਲੈਂਡ ਦੇ ਭਾਰਤੀ ਰੈਸਟੋਰੈਟਾਂ ਅਤੇ ਟੇਕ ਅਵੇਅ ਲਈ 14ਵੇਂ ਓਸ਼ੀਅਨ ਕੰਸਲਟਿੰਗ ਸਕਾਟਿਸ਼ ਕਰੀ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿਚ 350 ਪ੍ਰਤੀਯੋਗੀਆਂ ਅਤੇ ਮਹਿਮਾਨਾਂ ਨੇ ਹਿੱਸਾ ਲਿਆ | ਇਹ ਐਵਾਰਡ ਵਧੀਆ ਸੁਆਦੀ ਖਾਣਾ, ਗੁਣਵੱਤਾ, ਖਾਣਾ ਪ੍ਰੋਸਣ ਅਤੇ ਗਾਹਕ ਦੀ ਚੰਗੀ ਸੇਵਾ ਕਰਨ ਆਦਿ ਨੂੰ ਆਧਾਰ ਬਣਾ ਕੇ ਆਮ ਜਨਤਾ ਦੁਆਰਾ ਚੁਣੇ ਜਾਂਦੇ ਹਨ | ਇਨ੍ਹਾਂ ਐਵਾਰਡਾਂ ਨੂੰ ਕਈ ਖੇਤਰਾਂ ਵਿਚ ਵੰਡਿਆ ਗਿਆ ਤਾਂ ਜੋ ਸਕਾਟਲੈਂਡ ਦੇ ਸਾਰੇ ਛੋਟੇ ਵੱਡੇ ਕਾਰੋਬਾਰਾਂ ਨੂੰ ਮਾਨਤਾ ਮਿਲ ਸਕੇ | 14ਵੇਂ ਓਸ਼ੀਅਨ ਕੰਸਲਟਿੰਗ ਸਕਾਟਿਸ਼ ਕਰੀ ਐਵਾਰਡ 2022 ਦੇ ਜੇਤੂਆਂ ਵਿਚ ਸਾਲ ਦਾ ਸਰਵੋਤਮ ਟੇਕ ਅਵੇਅ ‘ਦ ਉਰਿਜਨਲ ਮਿਸਟਰ ਚੈਫ (ਉਡਿੰਗਸਟਨ)’ ਨੇ, ਡਲਿਵਰੀ ਸਰਵਿਸ ਲਈ ਸਰਵੋਤਮ ਟੇਕ ਅਵੇਅ ‘ਦ ਕਰੀ ਲੀਫ (ਏਅਰ)’ ਨੇ, ਸ਼ਾਨਦਾਰ ਸਰਵੋਤਮ ਰੈਸਟੋਰੈਟ ‘3 ਇਡੀਅਟਜ (ਏਅਰ)’, ਕਮਿਊਨਿਟੀ ਚੈਂਪੀਅਨ ਆਫ ਯੀਅਰ ‘ਤਾਲ (ਸਟਰੈਥਹੇਵਨ), ਬੈਸਟ ਮੇਨੇਜਰ ਟਿਕਰਮ ਖਾਰੇਲ (ਬੇਅ ਲੀਫ), ਕਰੀ ਚੈਂਪੀਅਨ ਡੈਲਸਨਨ ਫ਼ਾਰਮ (ਕੰਬਰਨੌਲਡ), ਸਰਬੋਤਮ ਟੀਮ ਮਦਰਲੈਂਡ ਸਪਾਈਸ਼ (ਸਾਲਟਕੋਟ), ਸਰਵੋਤਮ ਸ਼ੈਫ ਪ੍ਰਸ਼ੋਤਮ ਆਰੀਅਲ (ਟਰਬਨ ਤੰਦੂਰੀ) ਨੇ ਜਿੱਤਿਆ | ਇਸ ਦੇ ਨਾਲ ਹੀ ਸਕਾਟਲੈਂਡ ਪ੍ਰਮੁੱਖ ਸ਼ਹਿਰਾਂ ਐਡਨਬਰਾ ‘ਚੋਂ ਬੈਸਟ ‘ਪੁਰਾਣਾ ਇੰਡੀਅਨ ਗਰਿੱਲ’, ਗਲਾਸਗੋ ਦਾ ‘ਅਕਬਰ’ ਅਤੇ ਡੰਡੀ ਦਾ ‘ਗੋਆ ਰੈਸਟੋਰੈਟ’ ਰਿਹਾ | ਨਵਾਂ ਬੈਸਟ ਰੈਸਟੋਰੈਟ ਕਰੀ ਕਾਟੇਜ ਅਤੇ ਨਵਾਂ ਬੈਸਟ ਟੇਕ ਅਵੇਅ ਬਿੱਲ ਬੌਟਮ ਐਡਨਬਰਾ ਨੇ ਜਿੱਤਿਆ | ਸਾਲ ਦੇ ਉੱਦਮੀ ਸ਼ੈਫ ਦਾ ਦੀਪਕ ਸ਼ਰੇਥਾ ਤੇ ਜਗਨਨਾਥ ਡਾਕਲ ਨੇ ਅਤੇ ਕਰੀ ਕੁਈਨ ਦਾ ਰਣਜੀਤ ਕੌਰ (ਰਣਜੀਤ ਕਿਚਨ) ਨੇ ਜਿੱਤਿਆ | ਵਿਸ਼ੇਸ਼ ਮਾਨਤਾ ਪੁਰਸਕਾਰ ‘ਕਹਾਣੀ ਰੈਸਟੋਰੈਂਟ’ ਐਡਨਬਰਾ ਅਤੇ ਲਾਈਫਟਾਇਮ ਅਚੀਵਮੈਂਟ ਪੁਰਸਕਾਰ ਨਾਲ ਜੀਤ ਸਿੰਘ ਮਸਤਾਨਾ (ਮਿਸਟਰ ਸਿੰਘਜ) ਨੂੰ ਸਨਮਾਨਿਤ ਕੀਤਾ ਗਿਆ | ਓਸ਼ੀਅਨ ਕੰਸਲਟਿੰਗ ਦੇ ਕਾਰਜਕਾਰੀ ਮੁਖੀ ਇਰਫਾਨ ਯੂਨਿਸ ਨੇ ਸਾਰੇ ਪ੍ਰਤੀਯੋਗੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ | ਸਟੇਜ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਸੰਚਾਲਕ ਟੌਮੀ ਸੰਧੂ ਦੁਆਰਾ ਨਿਭਾਈ ਗਈ।