ਮੰਡੀ ਠੇਕੇਦਾਰਾਂ ਵਲੋਂ ਸਰਕਾਰ ਨੂੰ ਇਨਸਾਫ ਦੀ ਗੁਹਾਰ ਲਗਾਈ..
ਲੁਧਿਆਣਾ (Monika)- ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਫੂਡ ਅਤੇ ਸਪਲਾਈ ਵਿਭਾਗ ਵਿੱਚ 2500 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕਰਨ ਦੇ ਦੋਸ਼ ਲੇਬਰ ਤੇ ਟਰਾਂਸਪੋਰਟ ਠੇਕੇਦਾਰਾਂ ਨੇ ਲਗਾਏ ਹਨ । ਠੇਕੇਦਾਰਾਂ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਾਬਕਾ ਮੰਤਰੀ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰਦਿਆਂ ਪੰਜਾਬ ਦੀਆਂ 2000 ਤੋੰ ਵੱਧ ਮੰਡੀਆੰ ਵਿੱਚੋਂ 5000 ਠੇਕੇਦਾਰਾਂ ਦਾ ਕੰਮ ਖੋਹ ਕੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਦੇ ਦਿੱਤਾ ਅਤੇ ਸਰਕਾਰੀ ਪੈਸੇ ਵਿੱਚ ਅਰਬਾਂ ਰੁਪਏ ਦਾ ਘਪਲਾ ਕੀਤਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਤੇ ਵਿਧਾਇਕਾਂ ਦੀ ਸਿਫਾਰਿਸ਼ ਤੇ ਪੰਜ ਹਜਾਰ ਠੇਕੇਦਾਰਾਂ ਦਾ ਕੰਮ ਕੇਵਲ 20 ਲੋਕਾਂ ਨੂੰ ਦੇ ਦਿੱਤਾ ਤੇ ਪੰਜਾਬ ਦੀਆਂ ਦੀਆਂ 2000 ਤੋਂ ਵੱਧ ਮੰਡੀਆਂ ਦੇ ਕਲੱਸਟਰ ਬਣਾ ਕੇ ਆਪਣੇ ਚਹੇਤੇ ਲੋਕਾਂ ਨੂੰ ਟੈਂਡਰ ਅਲਾਟ ਕਰ ਦਿੱਤੇ ਅਤੇ ਪੰਜ ਹਜ਼ਾਰ ਠੇਕੇਦਾਰ ਅਤੇ ਤਕਰੀਬਨ 50 ਹਜ਼ਾਰ ਤੋਂ ਜਿਆਦਾ ਲੇਬਰ ਨੂੰ ਮੰਡੀਆਂ ਤੋਂ ਬਾਹਰ ਕਰ ਦਿੱਤਾ । ਠੇਕੇਦਾਰ ਸਚਿਨ ਕੁਮਾਰ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਾਬਕਾ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜੋਰ ਜਬਰ ਤੇ ਪੁਲਿਸ ਦਾ ਡਰ ਦਿਖਾ ਕੇ ਗਰੀਬ ਤੇ ਛੋਟੇ ਠੇਕੇਦਾਰਾਂ ਨੂੰ ਟੈਂਡਰ ਮੁਕਾਬਲੇ ਵਿੱਚੋਂ ਜਾਣਬੁੱਝ ਕੇ ਬਾਹਰ ਕਰ ਦਿੱਤਾ ਤੇ ਜਬਰਦਸਤੀ ਵੱਡੇ ਤੇ ਪੈਸੇ ਵਾਲੇ ਲੋਕਾਂ ਨੂੰ ਨਜ਼ਾਇਜ਼ ਟੈਂਡਰ ਅਲਾਟ ਕਰਵਾਏ ਅਤੇ ਸਰਕਾਰੀ ਟੈਂਡਰਾਂ ਦੇ ਰੇਟ ਵੀ ਆਮ ਨਾਲੋਂ ਦੁੱਗਣੇ ਤਿੱਗਣੇ ਕਰਕੇ ਸਰਕਾਰੀ ਖਜਾਨੇ ਨੂੰ ਅਰਬਾਂ ਰੁਪਏ ਦਾ ਚੂਨਾ ਲਗਾਇਆ । ਉਹਨਾਂ ਕਿਹਾ ਕਿ ਇੱਕ ਅੰਦਾਜੇ ਮੁਤਾਬਿਕ ਸ਼ਾਬਕਾ ਸਿਵਿਲ ਸਪਲਾਈ ਮੰਤਰੀ ਨੇ ਪੰਜ ਸਾਲਾਂ ਵਿੱਚ 10000 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ ।ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਮਾਮਲੇ ਸੰਬੰਧੀ ਪਹਿਲਾਂ ਵੀ ਕਾਫੀ ਚਾਰਾਜੋਈ ਕੀਤੀ ਪਰ ਕਾਂਗਰਸ ਰਾਜ ਵਿੱਚ ਕੋਈ ਸੁਣਵਾਈ ਨਹੀਂ ਹੋਈ ਸਗੋਂ ਇਸ ਅਰਬਾਂ ਦੇ ਘੁਟਾਲੇ ਨੂੰ ਦਬਾ ਦਿੱਤਾ ਗਿਆ । ਗੁਰਪ੍ਰੀਤ ਸਿੰਘ ਨੇ ਕਿਹਾ ਉਹਨਾਂ ਪਹਿਲਾਂ ਵੀ ਮੀਡੀਆ ਰਾਹੀਂ ਇਹ ਮਸਲਾ ਉਜਾਗਰ ਕੀਤਾ ਸੀ ਅਤੇ ਹੁਣ ਪੰਜਾਬ ਦੀ ਮੌਜੂਦਾ ਸਰਕਾਰ ਤੇ ਵਿਜੀਲੈਂਸ ਵਿਭਾਗ ਨੂੰ ਇਸ ਮਾਮਲੇ ਦੀ ਜਾਂਚ ਲਈ ਬੇਨਤੀ ਕੀਤੀ ਹੈ ਤਾਂ ਜੋ ਹਜਾਰਾਂ ਬੇਰੁਜਗਾਰ ਠੇਕੇਦਾਰਾਂ ਨੂੰ ਇਨਸਾਫ ਮਿਲ ਸਕੇ । ਇਸ ਮੌਕੇ ਠੇਕੇਦਾਰ ਮੇਹਰ ਚੰਦ ਨੇ ਦੱਸਿਆ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਬਰਦਸਤੀ ਸਾਡੇ ਨਾਲ ਧੱਕਾ ਕੀਤਾ ਤੇ ਸਾਡੇ ਕੰਮ ਖੋਹ ਲਏ । ਉਹਨਾਂ ਕਿਹਾ ਕਿ ਜੇਕਰ ਪੰਜਾਬ ਦੀ ਮੌਜੂਦਾ ਸਰਕਾਰ ਇਮਾਨਦਾਰੀ ਨਾਲ ਇਸ ਘਪਲੇ ਦੀ ਜਾਂਚ ਕਰਵਾਏ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ । ਸਮੂਹ ਠੇਕੇਦਾਰਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਇਸ ਅਰਬਾਂ ਰੁਪਏ ਦੇ ਘੁਟਾਲੇ ਦੀ ਨਿਰਪੱਖ ਵਿਜੀਲੈਂਸ ਜਾਂਚ ਕਰਵਾਈ ਜਾਵੇ ਤੇ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤੇ ਦਾਗੀ ਮੰਤਰੀਆਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ।ਇਸ ਮੌਕੇ ਠੇਕੇਦਾਰ ਰਾਮ ਸ਼ਾਹ , ਕੇਵਲ ਕੁਮਾਰ , ਚਰਨ ਸਿੰਘ , ਸੁਖਦੇਵ ਸਿੰਘ , ਕੇਵਲ ਜੋਗੇਵਾਲ , ਅਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਲੇਬਰ ਤੇ ਟਰਾਂਸਪੋਰਟ ਠੇਕੇਦਾਰ ਹਾਜ਼ਰ ਸਨ ।