ਕਰਨਾਟਕ ਸਰਕਾਰ ਮਾਫੀ ਮੰਗੇ ਤੇ ਹਮਲੇ ਦੀ ਉੱਚ ਪੱਧਰੀ ਜਾਂਚ ਕਰਾਵੇ : ਮਹਿਲਾ ਕਿਸਾਨ ਯੂਨੀਅਨ
ਜਲੰਧਰ (Jatinder Rawat) ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪੱਧਰ ਦੇ ਕੱਦਾਵਰ ਨੇਤਾ ਸ੍ਰੀ ਰਾਕੇਸ਼ ਟਿਕੈਤ ਉੱਤੇ ਬੈਂਗਲੂਰੂ ਵਿੱਚ ਪ੍ਰੈੱਸ ਵਾਰਤਾ ਦੌਰਾਨ ਹੋਏ ਹਮਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਕਰਨਾਟਕ ਦੀ ਬੋਮਈ ਸਰਕਾਰ ਤੁਰੰਤ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਕਰਵਾ ਕੇ ਸੱਚਾਈ ਨੂੰ ਜਨਤਕ ਕਰੇ ਅਤੇ ਕਿਸਾਨ ਆਗੂ ਦੀ ਸੂਬੇ ਵਿੱਚ ਸੁਰੱਖਿਆ ਲਈ ਤਾਇਨਾਤ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਵਿਰੁੱਧ ਤੁਰੰਤ ਕਾਰਵਾਈ ਕਰੇ।
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਟਿਕੈਤ ਉਤੇ ਹਮਲਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੇ ਮੌਕੇ ਉਤੇ ‘ਮੋਦੀ-ਮੋਦੀ‘ ਦੇ ਨਾਅਰੇ ਲਗਾਏ ਅਤੇ ਉਨ੍ਹਾਂ ਨੇ ਹੱਥ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਪੋਸਟਰ ਵੀ ਚੁੱਕਿਆ ਹੋਇਆ ਸੀ ਜਿਸ ਤੋਂ ਮੁੱਢਲੇ ਤੌਰ ਤੇ ਜ਼ਾਹਰ ਹੁੰਦਾ ਹੈ ਕਿ ਇਸ ਹਮਲੇ ਪਿੱਛੇ ਭਗਵਾਂ ਪਾਰਟੀ ਦੇ ਵਰਕਰਾਂ ਦਾ ਹੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਜੀਦਾ ਹਾਲਾਤ ਅਤੇ ਅਗਾਊਂ ਖੁਫ਼ੀਆ ਸੂਚਨਾ ਨੂੰ ਦੇਖਦਿਆਂ ਸੂਬਾ ਸਰਕਾਰ ਉਨ੍ਹਾਂ ਨੂੰ ਢੁੱਕਵੀਂ ਸੁਰੱਖਿਆ ਦੇਣ ਵਿੱਚ ਪੂਰੀ ਤਰਾਂ ਫੇਲ੍ਹ ਸਾਬਤ ਹੋਈ ਹੈ ਜਿਸ ਕਰਕੇ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਇਸ ਹਮਲੇ ਲਈ ਜਨਤਕ ਮੁਆਫ਼ੀ ਮੰਗਣ।
ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਦਿੱਲੀ ਦੇ ਇਤਿਹਾਸਕ ਕਿਸਾਨ ਅੰਦੋਲਨ ਦੀ ਜਿੱਤ ਪਿੱਛੋਂ ਭਗਵਾਂ ਪਾਰਟੀ ਦੇ ਨੇਤਾ, ਕਾਰਕੁੰਨ ਅਤੇ ਆਈਟੀ ਵਿੰਗ ਸੋਸ਼ਲ ਮੀਡੀਆ ਉੱਪਰ ਸ੍ਰੀ ਟਿਕੈਤ ਖਿਲਾਫ਼ ਉਕਸਾਊ ਅਤੇ ਭੜਕਾਹਟ ਪੂਰਨ ਪੋਸਟਾਂ ਪਾ ਕੇ ਲਗਾਤਾਰ ਇਲਜ਼ਾਮਤਰਾਸ਼ੀ ਕਰਦੇ ਆ ਰਹੇ ਹਨ ਜਿਸ ਕਰਕੇ ਭਾਜਪਾ ਕਾਰਕੁਨ ਕਿਸਾਨ ਨੇਤਾ ਉਤੇ ਸਿੱਧੇ ਹਮਲੇ ਕਰਨ ਲੱਗ ਪਏ ਹਨ।
ਇਸ ਹਮਲੇ ਖ਼ਿਲਾਫ਼ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਭਾਜਪਾ ਦੇ ਕੇਂਦਰੀ ਨੇਤਾਵਾਂ ਤੋਂ ਇਸ ਹਮਲੇ ਦੀ ਨਿੰਦਿਆ ਕਰਨ ਅਤੇ ਹਮਲਾ ਕਰਨ ਵਾਲੇ ਆਪਣੇ ਕਾਰਕੁਨਾਂ ਖ਼ਿਲਾਫ਼ ਤੁਰੰਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ।