ਜਲੰਧਰ (Jatinder Rawat) : ਹਿੰਦ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਐਲਾਨ ਕੀਤਾ ਹੈ ਕਿ ਜੇਕਰ ਦੂਸਰੀਆਂ ਖੱਬੀਆਂ ਪਾਰਟੀਆਂ ਸਹਿਮਤ ਹੋਣ ਅਤੇ ਹਮਾਇਤ ਕਰਨ ਲਈ ਤਿਆਰ ਹੋਣ ਤਾਂ ਸੀ.ਪੀ.ਆਈ. ( ਐਮ. ) ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੜੇਗੀ । ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਦੇ ਸੀਨੀਅਰ ਸੂਬਾਈ ਆਗੂਆਂ ਦੀ ਮੀਟਿੰਗ ਵਿੱਚ ਕੀਤਾ ਗਿਆ । ਕਾਮਰੇਡ ਸੇਖੋਂ ਨੇ ਕਿਹਾ ਕਿ ਪਾਰਟੀ ਜਲਦੀ ਹੀ ਇਸ ਮੁੱਦੇ ਸਬੰਧੀ ਭਾਰਤੀ ਕਮਿਊਨਿਸਟ ਪਾਰਟੀ ( ਸੀ.ਪੀ.ਆਈ. ) ਅਤੇ ਸੀ.ਪੀ.ਆਈ. ( ਐਮ.ਐਲ. ) ਲਿਬਰੇਸ਼ਨ ਅਤੇ ਹੋਰ ਖੱਬੀਆਂ ਪਾਰਟੀਆਂ ਨਾਲ ਤੁਰੰਤ ਤਾਲਮੇਲ ਕਰਕੇ ਸਾਂਝੀ ਮੀਟਿੰਗ ਸੱਦੇਗੀ ਅਤੇ ਇਸ ਸਬੰਧੀ ਵਿਚਾਰ ਵਟਾਂਦਰਾ ਕਰੇਗੀ ਅਤੇ ਜੇਕਰ ਸਹਿਮਤੀ ਬਣੀ ਤਾਂ ਪਾਰਟੀ ਇਹ ਸੀਟ ਲੜੇਗੀ । ਕਾਮਰੇਡ ਸੇਖੋਂ ਨੇ ਦੱਸਿਆ ਕਿ ਸੰਗਰੂਰ ਦਾ ਇਲਾਕਾ ਹਮੇਸ਼ਾਂ ਕਮਿਊਨਿਸਟ ਲਹਿਰ ਖ਼ਾਸ ਕਰਕੇ ਇਤਿਹਾਸਕ ਮੁਜ਼ਾਰਾ ਲਹਿਰ ਦਾ ਗੜ੍ਹ ਰਿਹਾ ਹੈ ਅਤੇ ਕਮਿਊਨਿਸਟ ਅਨੇਕਾਂ ਵਾਰ ਇਹ ਸੀਟ ਲੜ ਚੁੱਕੇ ਹਨ । ਉਨ੍ਹਾਂ ਦੱਸਿਆ ਕਿ 1980 ਦੀਆਂ ਲੋਕ ਸਭਾ ਚੋਣਾਂ ਵਿੱਚ ਮਹਾਨ ਕਮਿਊਨਿਸਟ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਇਸ ਸੀਟ ਤੋਂ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਸਨ । ਉਨ੍ਹਾਂ ਤੋਂ ਇਲਾਵਾ ਕਾਮਰੇਡ ਹਰਨਾਮ ਸਿੰਘ ਚਮਕ , ਧਾਵਾ ਰਾਮ ਲੌਂਗੋਵਾਲ , ਚੰਦ ਸਿੰਘ ਚੋਪੜਾ , ਪ੍ਰਿੰਸੀਪਲ ਅਜੀਤ ਸਿੰਘ ਵਰਗੇ ਆਗੂ ਵੀ ਸੀ.ਪੀ.ਆਈ. ( ਐਮ. ) ਵਲੋਂ ਇਹ ਸੀਟ ਲੜਦੇ ਰਹੇ ਹਨ ਅਤੇ ਪੌਣੇ ਤਿੰਨ – ਤਿੰਨ ਲੱਖ ਤੱਕ ਵੋਟ ਪ੍ਰਾਪਤ ਕਰਦੇ ਰਹੇ ਹਨ । ਅੰਤ ਵਿੱਚ ਕਾਮਰੇਡ ਸੇਖੋਂ ਨੇ ਆਸ ਪ੍ਰਗਟ ਕੀਤੀ ਕਿ ਦੂਸਰੀਆਂ ਖੱਬੀਆਂ ਪਾਰਟੀਆਂ ਹਾਂ ਪੱਖੀ ਹੁੰਗਾਰਾ ਭਰਨਗੀਆਂ ਅਤੇ ਕਮਿਊਨਿਸਟ ਇੱਕ ਵਾਰ ਫੇਰ ਸੰਗਰੂਰ ਤੋਂ ਆਪਣਾ ਸ਼ਾਨਾਂਮੱਤਾ ਇਤਿਹਾਸ ਦੁਹਰਾਉਣਗੇ ।