ਆਂਧਰਾ ਪ੍ਰਦੇਸ਼ ਦੇ ਇਕ 45 ਸਾਲਾ ਇੰਜੀਨੀਅਰ ਨੂੰ ਸਾਊਦੀ ਅਰਬ ਵਿਚ ਸਿਰਫ ਇਸ ਵਜ੍ਹਾ ਨਾਲ ਜੇਲ੍ਹ ਜਾਣਾ ਪਿਆ ਕਿਉਂਕਿ ਉਸ ਨੇ ਆਪਣੇ ਘਰ ਦੇ ਗੇਟ ‘ਤੇ ਸਵਾਸਤਿਕ ਦਾ ਨਿਸ਼ਾਨ ਬਣਾਇਆ ਹੋਇਆ ਸੀ। ਗੁਆਂਢੀ ਨੇ ਉਸ ਨਿਸ਼ਾਨ ਨੂੰ ਹਿਟਲਰ ਦਾ ਨਾਜੀ ਨਿਸ਼ਾਨ ਸਮਝ ਲਿਆ ਸੀ, ਜਿਸ ਦੇ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਵੀ ਭਾਰਤੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਹੁਣ ਸਮਝਾਉਣ ਦੇ ਬਾਅਦ ਪੁਲਿਸ ਸਮਝ ਗਈ ਹੈ ਕਿ ਇਹ ਨਿਸ਼ਾਨ ਸਵਾਸਤਿਕ ਹੈ, ਨਾਜੀ ਨਿਸ਼ਾਨ ਨਹੀਂ ਪਰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਭਾਰਤੀ ਇੰਜੀਨੀਅਰ ਨੂੰ ਬੇਵਜ੍ਹਾ ਦੋ ਦਿਨ ਜੇਲ੍ਹ ਵਿਚ ਬਿਤਾਉਣੇ ਹੋਣਗੇ।
ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੇ ਰਹਿਣ ਵਾਲੇ ਇਕ ਇੰਜੀਨੀਅਰ ਬੀਤੇ ਇਕ ਸਾਲ ਤੋਂ ਵੀ ਵਧ ਸਮੇਂ ਤੋਂ ਸਾਊਦੀ ਅਰਬ ਵਿਚ ਰਹਿ ਕੇ ਨੌਕਰੀ ਕਰ ਰਹੇ ਹਨ। ਲਗਭਗ 15-20 ਦਿਨ ਪਹਿਲਾਂ ਹੀ ਇੰਜੀਨੀਅਰ ਨੇ ਆਪਣੇ ਪਰਿਵਾਰ ਨੂੰ ਵੀ ਸਾਊਦੀ ਅਰਬ ਬੁਲਾ ਲਿਆ ਸੀ। ਪਰਿਵਾਰ ਵਾਲਿਆਂ ਨੇ ਆਪਣੀ ਧਾਰਮਿਕ ਮਾਨਤਾ ਦੇ ਚੱਲਦਿਆਂ ਆਪਣੇ ਫਲੈਟ ਦੇ ਗੇਟ ‘ਤੇ ਸਵਾਸਤਿਕ ਦਾ ਨਿਸ਼ਾਨ ਬਣਾ ਦਿੱਤਾ ਜਿਸ ਨੂੰ ਉਸ ਦੇ ਗੁਆਂਢੀ ਇਕ ਸਥਾਨਕ ਅਰਬ ਵਿਅਕਤੀ ਨੇ ਹਿਟਲਰ ਦਾ ਨਾਜੀ ਨਿਸ਼ਾਨ ਸਮਝ ਲਿਆ। ਇਸ ਦੇ ਬਾਅਦ ਸਥਾਨਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ।
ਸ਼ਿਕਾਇਤ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਂਧਰਾ ਦੇ ਇੰਜੀਨੀਅਰ ਨੂੰ ਗ੍ਰਿਫਤਾਰ ਕਰ ਲਿਆ। ਇੰਜੀਨੀਅਰ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਨਾਜੀ ਨਿਸ਼ਾਨ ਨਹੀਂ ਸਗੋਂ ਹਿੰਦੂ ਧਰਮ ਦਾ ਪਵਿੱਤਰ ਨਿਸ਼ਾਨ ਹੈ ਸਗੋਂ ਪੁਲਿਸ ਅਧਿਕਾਰੀ ਨਹੀਂ ਮੰਨੇ ਤੇ ਕੈਮੀਕਲ ਇੰਜੀਨੀਅਰ ਭਾਰਤੀ ਵਿਅਕਤੀ ਨੂੰ ਜੇਲ੍ਹ ਵਿਚ ਪਾ ਦਿੱਤਾ।
NRI ਐਕਟੀਵਿਸਟ ਮੁਜ਼ਮਿਲ ਸ਼ੇਖ, ਭਾਰਤੀ ਇੰਜੀਨੀਅਰ ਦੀ ਮਦਦ ਲਈ ਅੱਗੇ ਆਏ ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮਝਾਇਆ ਤਾਂ ਆਖਿਰਕਾਰ ਪੁਲਿਸ ਵਾਲੇ ਮੰਨ ਗਏ। ਪਰ ਸ਼ਨੀਵਾਰ ਤੇ ਐਤਵਾਰ ਨੂੰ ਛੁੱਟੀ ਦਾ ਦਿਨ ਹੋਣ ਕਾਰਨ ਭਾਰਤੀ ਇੰਜੀਨੀਅਰ ਨੂੰ ਬਿਨਾਂ ਕਿਸੇ ਅਪਰਾਧ ਦੇ ਦੋ ਦਿਨ ਜੇਲ੍ਹ ਵਿਚ ਬਿਤਾਉਣੇ ਹੋਣਗੇ। ਮੁਜ਼ਮਿਲ ਸ਼ੇਖ ਨੇ ਦੱਸਿਆ ਕਿ ਸੰਸਕ੍ਰਿਤ ਦੀ ਗਲਤਫਹਿਮੀ ਕਾਰਨ ਇਹ ਘਟਨਾ ਹੋਈ। ਮੈਂ ਅਧਿਕਾਰੀਆਂ ਨੂੰ ਦੱਸਿਆ ਕਿ ਸਵਾਸਤਿਕ ਦਾ ਨਿਸ਼ਾਨ ਹਿੰਦੂ ਧਰਮ ਵਿਚ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ ਤੇ ਸੁੱਖ-ਖੁਸ਼ਹਾਲੀ ਲਈ ਇਸ ਨੂੰ ਘਰਾਂ ਦੇ ਗੇਟ ‘ਤੇ ਬਣਾਇਆ ਜਾਂਦਾ ਹੈ। ਸਾਊਦੀ ਅਰਬ ਵਿਚ ਭਾਰਤੀ ਭਾਈਚਾਰੇ ਲਈ ਕੰਮ ਕਰਨ ਵਾਲੇ ਕੇਰਲ ਦੇ ਨੈਸ ਸ਼ੌਕਤ ਅਲੀ ਨੇ ਵੀ ਭਾਰਤੀ ਇੰਜੀਨੀਅਰ ਦੀ ਮਦਦ ਕੀਤੀ।