ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਅੰਮ੍ਰਿਤਪਾਲ ਦਾ ਸਾਥੀ ਪੱਪਲਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਮੁਤਾਬਕ ਜਲੰਧਰ ਤੋਂ ਫਰਾਰ ਹੋਇਆ ਪੱਪਲਪ੍ਰੀਤ ਲਗਾਤਾਰ ਅੰਮ੍ਰਿਤਪਾਲ ਦੇ ਨਾਲ ਸੀ ਅਤੇ ਹੁਸ਼ਿਆਰਪੁਰ ‘ਚ ਦੋਵੇਂ ਵੱਖ ਹੋ ਗਏ ਸਨ। ਪੁਲਿਸ ਨੇ ਪੱਪਲਪ੍ਰੀਤ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕੀਤਾ ਹੈ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਦੀ ਅਗਵਾਈ ਪੱਪਲਪ੍ਰੀਤ ਸਿੰਘ ਕਰ ਰਿਹਾ ਸੀ। ਉਸ ਨੇ ਪੰਜਾਬ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਵੀ ਯੋਜਨਾ ਬਣਾਈ ਸੀ। ਜਿਸ ਨੂੰ ਅੰਮ੍ਰਿਤਪਾਲ ਨੇ ਵੀਡੀਓ ਰਾਹੀਂ ਲੋਕਾਂ ਤੱਕ ਪਹੁੰਚਾਇਆ।
ਪੱਪਲਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਦੀ ਵੀਡੀਓ ਬਣਾ ਕੇ ਇਹ ਮਾਹੌਲ ਸਿਰਜਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਸਰਬੱਤ ਖ਼ਾਲਸਾ ਬੁਲਾਉਣ ਲਈ ਦਬਾਅ ਪਾਇਆ। ਉਧਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਗੁਰਮਤਿ ਸਮਾਗਮ ਕਰਵਾਉਣ ਦੇ ਐਲਾਨ ਨਾਲ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਦੀ ਇਹ ਕੋਸ਼ਿਸ਼ ਵੀ ਨਾਕਾਮ ਹੋ ਗਈ ਹੈ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ 350 ਤੋਂ ਵੱਧ ਲੋਕਾਂ ਨੂੰ ਰਿਹਾਅ ਵੀ ਕੀਤਾ ਗਿਆ ਹੈ।