ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬ ਇਲੈਵਨ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ
ਜਲੰਧਰ- ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬ ਇਲੈਵਨ ਨੂੰ ਸਖਤ ਮੁਕਾਬਲੇ ਮਗਰੋਂ 4-3 ਦੇ ਫਰਕ ਨਾਲ ਹਰਾ ਕੇ ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਯੂਨੀਅਨ ਬੈਂਕ ਆਫ ਇੰਡੀਆ ਮੁੰਬਈ ਨੇ ਹਰਿਆਣਾ ਇਲੈਵਨ ਨੂੰ 12-5 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸਪੰਨ ਹੋਏ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੁਖਦੇਵ ਸਿੰਘ (ਏਆਈਜੀ ਗਰੁੱਪ) ਨੇ ਕੀਤੀ। ਜੇਤੂ ਟੀਮ ਨੂੰ ਇਕ ਲੱਖ ਰੁਪਏ ਨਕਦ ਅਤੇ ਜੇਤੂ ਟਰਾਫੀ, ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਨਕਦ ਅਤੇ ਉਪ ਜੇਤੂ ਟਰਾਫੀ ਅਤੇ ਤੀਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 31000 ਰੁਪਏ ਨਕਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਰੇਲ ਕੋਚ ਫੈਕਟਰੀ ਕਪੂਰਥਲਾ ਟੀਮ ਦੀ ਉਲੰਪੀਅਨ ਨਵਜੋਤ ਕੌਰ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਣ ਐਲਾਨਿਆ ਗਿਆ , ਉਸ ਨੂੰ ਸ੍ਰੀਮਤੀ ਸਵਦੇਸ਼ ਚੋਪੜਾ ਯਾਦਗਾਰੀ ਟਰਾਫੀ ਅਤੇ 11000 ਰੁਪਏ ਨਕਦ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਇਲੈਵਨ ਦੀ ਗੋਲਕੀਪਰ ਕਿਰਨਦੀਪ ਕੌਰ ਨੂੰ ਟੂਰਨਾਮੈਂਟ ਦੀ ਸਰਵੋਤਮ ਗੋਲਕੀਪਰ ਐਲਾਨਿਆ ਗਿਆ, ਉਸ ਨੂੰ ਟਰਾਫੀ ਦੇ ਨਾਲ ਨਾਲ 11000 ਰੁਪਏ ਨਕਦ ਨਾਲ ਸਨਮਾਨਿਤ ਕੀਤਾ ਗਿਆ।
ਫਾਇਨਲ ਮੈਚ ਵਿੱਚ ਤੇਜ ਤਰਾਰ ਹਾਕੀ ਦੇਖਣ ਨੂੰ ਮਿਲੀ। ਅੱਧੇ ਸਮੇਂ ਤੱਕ ਰੇਲ ਕੋਚ ਫੈਕਟਰੀ 2-1 ਨਾਲ ਅੱਗੇ ਸੀ। ਰੇਲ ਕੋਚ ਫੈਕਟਰੀ ਵਲੋਂ ਐਸ਼ਵਰਿਆ ਨੇ ਦੋ ਗੋਲ ਕੀਤੇ ਅਤੇ ਮਨਪ੍ਰੀਤ ਕੌਰ ਅਤੇ ਗਗਨਦੀਪ ਕੌਰ ਨੇ ਇਕ ਇਕ ਗੋਲ ਕੀਤਾ। ਜਦਕਿ ਪੰਜਾਬ ਵਲੋਂ ਸੁਖਵੀਰ ਕੌਰ, ਸੁਮਿਤਾ ਅਤੇ ਮਿਤਾਲੀ ਨੇ ਇਕ ਇਕ ਗੋਲ ਕੀਤਾ।
ਫਾਇਨਲ ਮੈਚ ਤੋਂ ਪਹਿਲਾਂ ਖੇਡੇ ਗਏ ਸੈਮੀਫਾਇਨਲ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਯੂਨੀਅਨ ਬੈਂਕ ਆਫ ਇੰਡੀਆ ਮੁੰਬਈ ਨੂੰ 7-4 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਰੇਲ ਕੋਚ ਫੈਕਟਰੀ ਅੱਧੇ ਸਮੇਂ ਤੱਕ 4-1 ਨਾਲ ਅੱਗੇ ਸੀ। ਆਰਸੀਐਫ ਵਲੋਂ ਐਸ਼ਵਰਿਆ ਨੇ ਹੈਟ੍ਰਿਕ ਕਰਦੇ ਹੋਏ ਤਿੰਨ ਗੋਲ ਕੀਤੇ।
ਦੂਜੇ ਸੈਮੀਫਾਇਨਲ ਵਿੱਚ ਪੰਜਾਬ ਇਲੈਵਨ ਨੇ ਹਰਿਆਣਾ ਇਲੈਵਨ ਨੂੰ 8-3 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਅੱਧੇ ਸਮੇਂ ਤੱਕ ਪੰਜਾਬ ਇਲੈਵਨ 3-2 ਨਾਲ ਅੱਗੇ ਸੀ। ਪੰਜਾਬ ਇਲੈਵਨ ਵਲੋਂ ਸੁਮਿਤਾ ਨੇ ਹੈਟ੍ਰਿਕ ਕਰਦੇ ਹੋਏ ਤਿੰਨ ਗੋਲ ਕੀਤੇ। ਅਕਾਂਸ਼ਕਾ ਨੇ ਪੰਜਾਬ ਲਈ ਦੋ ਗੋਲ ਕੀਤੇ।
ਅੱਜ ਦੇ ਮੈਚਾਂ ਦੇ ਸਮੇਂ ਲਖਵਿੰਦਰਪਾਲ ਸਿੰਘ ਖਹਿਰਾ, ਰਾਜਨ ਕੋਹਲੀ (ਟਾਇਕਾ), ਐਲ ਆਰ ਨਈਅਰ, ਇਕਬਾਲ ਸਿੰਘ ਸੰਧੂ, ਰਣਜੀਤ ਸਿੰਘ ਟੁੱਟ, ਰਣਬੀਰ ਸਿੰਘ ਟੁੱਟ, ਨੱਥਾ ਸਿੰਘ ਗਾਖਲ, ਉਲੰਪੀਅਨ ਕਰਨਲ ਬਲਬੀਰ ਸਿੰਘ, ਸੁਰਿੰਦਰ ਸਿੰਘ ਭਾਪਾ, ਪ੍ਰੋ ਕ੍ਰਿਪਾਲ ਸਿੰਘ ਮਠਾਰੂ, ਪਰਵੀਨ ਗੁਪਤਾ, ਰਿਪੁਦਮਨ ਕੁਮਾਰ ਸਿੰਘ, ਰਾਮ ਸ਼ਰਨ, ਜਾਰਜ ਪਾਲ, ਰਾਮ ਪ੍ਰਤਾਪ, ਕੁਲਦੀਪ ਸਿੰਘ, ਸੁਰਜੀਤ ਕੌਰ, ਨਰਿੰਦਰਪਾਲ ਸਿੰਘ ਜੱਜ, ਪਰਮਜੀਤ ਸਿੰਘ, ਹਰਿੰਦਰ ਸਿੰਘ ਸੰਘਾ, ਗੌਰਵ ਅਗਰਵਾਲ, ਸਾਧੂ ਸਿੰਘ ਖਲੌਰ, ਜਸਪਾਲ ਸਿੰਘ ਸਰਪੰਚ, ਗੁਰਮੀਤ ਸਿੰਘ ਸਿੱਧੂ, ਲਖਬੀਰ ਸਿੰਘ ਖਟੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।