ਸੁਸ਼ੀਲ ਰਿੰਕੂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਦੱਸਦਾ ਹੈ ਕਿ ‘ਆਪ‘ ਨੂੰ ਜ਼ਿਮਨੀ ਚੋਣ ਲਈ ਉਮੀਦਵਾਰ ਨਹੀਂ ਮਿਲ ਰਿਹਾ: ਕਾਂਗਰਸੀ ਆਗੂ
ਜਲੰਧਰ (Jatinder Rawat)- ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਦੇ ਸਾਬਕਾ ਨਗਰ ਕੌਂਸਲਰਾਂ ਸਮੇਤ ਕਾਂਗਰਸੀ ਆਗੂਆਂ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਟੀ ਕਰਮਜੀਤ ਕੌਰ ਚੌਧਰੀ ਦੀ ਜਿੱਤ ਯਕੀਨੀ ਬਣਾਉਣ ਲਈ ਇਕਜੁੱਟ ਤੇ ਤਿਆਰ ਹੈ।
ਸੁਸ਼ੀਲ ਰਿੰਕੂ ਦੇ ਵਿਧਾਨ ਸਭਾ ਹਲਕੇ ਜਲੰਧਰ ਪੱਛਮੀ ਦੇ ਕਰੀਬ ਇੱਕ ਦਰਜਨ ਨਗਰ ਕੌਂਸਲਰਾਂ ਨੇ ਕਾਂਗਰਸ ਭਵਨ ਵਿਖੇ ਮੀਟਿੰਗ ਕਰਕੇ ਕਾਂਗਰਸੀ ਉਮੀਦਵਾਰ ਨੂੰ ਆਪਣਾ ਸਮਰਥਨ ਜਾਰੀ ਰੱਖਣ ਦਾ ਐਲਾਨ ਕੀਤਾ।
ਇਸ ਮੌਕੇ ਬੋਲਦਿਆਂ ਇੱਕ ਕੌਂਸਲਰ ਨੇ ਕਿਹਾ ਕਿ ਅਸੀਂ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੀ ਜਲੰਧਰ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਮੁਹਿੰਮ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ। ਅਸੀਂ ਉਹਨਾਂ ਦਾ ਸਮਰਥਨ ਕਰਨ ਅਤੇ ਆਉਣ ਵਾਲੀ ਜ਼ਿਮਨੀ ਚੋਣ ਵਿੱਚ ਜਿੱਤ ਯਕੀਨੀ ਬਣਾਉਣ ਲਈ ਵਚਨਬੱਧ ਹਾਂ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਸ਼ੀਲ ਰਿੰਕੂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੱਸਦਾ ਹੈ ਕਿ ‘ਆਪ’ ਨੂੰ ਜ਼ਿਮਨੀ ਚੋਣ ਲਈ ਉਮੀਦਵਾਰ ਨਹੀਂ ਮਿਲ ਰਿਹਾ।
ਉਹਨਾਂ ਆਖਿਆ, “ਸੁਸ਼ੀਲ ਰਿੰਕੂ ਦਾ ‘ਆਪ’ ‘ਚ ਸ਼ਾਮਲ ਹੋਣਾ ਕਾਂਗਰਸ ਪਾਰਟੀ ਲਈ ਨਹੀਂ, ਸਗੋਂ ‘ਆਪ’ ਲਈ ਇੱਕ ਝਟਕਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਅਖੌਤੀ ‘ਬਦਲਾਅ ਪਾਰਟੀ’ ਨੂੰ ਜਲੰਧਰ ਤੋਂ ਚੋਣ ਲੜਨ ਲਈ ਆਪਣੀ ਪਾਰਟੀ ਦੇ ਮੈਂਬਰਾਂ ਵਿੱਚੋਂ ਕੋਈ ਯੋਗ ਉਮੀਦਵਾਰ ਨਹੀਂ ਲੱਭ ਰਿਹਾ ਅਤੇ ਉਹ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਭਰਤੀ ਕਰਨ ਲਈ ਮਜ਼ਬੂਰ ਹਨ। ਇਹ ਲੱਗਦਾ ਹੈ ਕਿ ਉਹਨਾਂ ਨੂੰ ਆਪਣੇ ਨੇਤਾਵਾਂ ‘ਤੇ ਬਿਲਕੁਲ ਭਰੋਸਾ ਨਹੀਂ ਹੈ।”
ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਰਿੰਕੂ ਦੇ ‘ਆਪ’ ਆਗੂਆਂ ਬਾਰੇ ਤੇ ‘ਆਪ’ ਆਗੂਆਂ ਦੇ ਸੁਸ਼ੀਲ ਰਿੰਕੂ ਬਾਰੇ ਆਲੋਚਨਾਤਮਕ ਬਿਆਨ ਵਾਲੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੇ ਹਨ ਅਤੇ ਇਹਨਾਂ ਨੇਤਾਵਾਂ ਦਾ ਦੋਗਲਾਪਨ ਦਰਸਾਉਂਦੇ ਹਨ।
ਇਸ ਮੌਕੇ ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਪ੍ਰਧਾਨ ਰਜਿੰਦਰ ਬੇਰੀ, ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਕਾਂਗਰਸ (ਸ਼ਹਿਰੀ) ਮੀਤ ਪ੍ਰਧਾਨ ਪਵਨ ਕੁਮਾਰ, ਜਲੰਧਰ ਪੱਛਮੀ ਬਲਾਕ ਪ੍ਰਧਾਨ ਹਰੀਸ਼ ਢੱਲ, ਸਾਬਕਾ ਕਾਂਗਰਸ (ਸ਼ਹਿਰੀ) ਮੀਤ ਪ੍ਰਧਾਨ ਹਰਜਿੰਦਰ ਲਾਡਾ, ਕੌਂਸਲਰ ਬੰਟੀ ਨੀਲਕੰਠ, ਬਲਵਿੰਦਰ ਕੌਰ ਲਾਡਾ, ਤਰਸੇਮ ਲਖੋਤਰਾ, ਬਚਨ ਲਾਲ, ਅਨਮੋਲ ਗਰੋਵਰ, ਜਗਦੀਸ਼ ਸਮਰਾਏ ਅਤੇ ਨਵਦੀਪ ਜਰੇਵਾਲ ਪੁੱਤਰ ਅਨੀਤਾ ਮਿੰਟੂ (ਸਾਰੇ ਕੌਂਸਲਰ) ਹਾਜ਼ਰ ਸਨ।