ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਅੱਜ ਲਏ ਗਏ ਦੋ ਵੱਡੇ ਫੈਸਲਿਆਂ ਦਾ ਐਲਾਨ ਕੀਤਾ। ਸੀ.ਐੱਮ. ਮਾਨ ਨੇ ਕਿਹਾ ਕਿ ਇਸ ਸਮੈਸਟਰ ਵਿੱਚ ਪੰਜਾਬ ਦਾ ਕੋਈ ਵੀ ਪ੍ਰਾਈਵੇਟ ਸਕੂਲ ਇੱਕ ਰੁਪਿਆ ਵੀ ਫੀਸ ਨਹੀਂ ਵਧਾਏਗਾ।
ਸੀ.ਐੱਮ. ਮਾਨ ਨੇ ਕਿਹਾ ਕਿ ਇਹ ਹੁਕਮ ਅੱਜ ਹੀ ਪ੍ਰਾਈਵੇਟ ਸਕੂਲਾਂ ਨੂੰ ਭੇਜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਫੀਸ ਵਧਾਉਣ ਦੀ ਪਾਲਿਸੀ ਮਾਪਿਆਂ, ਸਕੂਲ ਦੇ ਪ੍ਰਿੰਸੀਪਲਾਂ ਜਾਂ ਫਿਰ ਮਾਲਕਾਂ ਨਾਲ ਬੈਠ ਕੇ ਡਿਸਕਸ ਕੀਤੀ ਜਾਵੇਗੀ ਤੇ ਫਿਰ ਇਸ ‘ਤੇ ਕੋਈ ਫੈਸਲਾ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਫੀਸ ਵਧਾਉਣ ਦੀ ਪਾਲਿਸੀ ਬਾਰੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ। ਡਿਟੇਲ ਪਾਲਿਸੀ ਬਹੁਤ ਜਲਦ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋਵੇਗੀ।
ਸੀ.ਐੱਮ. ਮਾਨ ਨੇ ਲਏ ਗਏ ਦੂਜੇ ਵੱਡੇ ਫੈਸਲੇ ਬਾਰੇ ਦੱਸਦਿਆਂ ਕਿਹਾ ਕਿ ਕੋਈ ਵੀ ਪ੍ਰਾਈਵੇਟ ਸਕੂਲ ਕਿਸੇ ਖਾਸ ਦੁਕਾਨ ਦਾ ਅਡਰੈੱਸ ਨਹੀਂ ਦੇਵੇਗਾ ਕਿ ਇਸੇ ਦੁਕਾਨ ਤੋਂ ਕਿਤਾਬਾਂ ਖਰੀਦੋ ਜਾਂ ਵਰਦੀਆਂ ਖਰੀਦੋ। ਇਹ ਮਾਪਿਆਂ ‘ਤੇ ਨਿਰਭਰ ਹੈ ਕਿ ਉਨ੍ਹਾਂ ਨੂੰ ਜਿਥੋਂ ਸਹੀ ਲੱਗਦਾ ਹੈ ਉਹ ਉਥੋਂ ਕਿਤਾਬਾਂ ਜਾਂ ਵਰਦੀਆਂ ਖਰੀਦ ਲੈਣ। ਇਸ ਦੇ ਨਾਲ ਹੀ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਰੇਕ ਦੁਕਾਨ ਨੂੰ ਆਪਣੀਆਂ ਵਰਦੀਆਂ ਤੇ ਕਿਤਾਬਾਂ ਉਪਲਬਧ ਕਰਵਾਉਣੀਆਂ ਪੈਣਗੀਆਂ।