ਕੈਲਗਰੀ – ਬੀਜਿੰਗ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੈਲਗਰੀ ਦੇ ਐਥਲੀਟਾਂ ਅਤੇ ਟੀਮ ਦੇ ਮੈਂਬਰਾਂ ਨੂੰ ਸਿਟੀ ਹਾਲ ਵਿਚ ਸਨਮਾਨਤ ਕੀਤਾ ਗਿਆ। ਕੌਂਸਲ ਦਾ ਚੈਂਬਰ ਮਿੰਨੀ ਕੈਨੇਡਾ ਦੇ ਝੰਡਿਆਂ ਨਾਲ ਭਰਿਆ ਹੋਇਆ ਸੀ ਅਤੇ ਬਹੁਤ ਸਾਰੇ ਕੌਂਸਲਰਾਂ ਅਤੇ ਐਥਲੀਟਾਂ ਨੇ 2022 ਦੀਆਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿਚ ਟੀਮ ਕੈਨੇਡਾ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਲਾਲ ਅਤੇ ਚਿੱਟੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਐਲਡਨ ਵੀਜ਼ਲ ਚਾਈਲਡ ਅਤੇ ਤਾਨਿਆ ਲੁਜਨ ਨੇ ਸਨਮਾਨ ਗੀਤ ਗਾਇਆ ਅਤੇ ਐਥਲੀਟਾਂ ਨੂੰ ਵਧਾਈ ਦਿੱਤੀ। ਮੇਅਰ ਜੋਤੀ ਗੋਂਡੇਕ ਨੇ ਹਰੇਕ ਐਥਲੀਟ ਅਤੇ ਟੀਮ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਭਾਵੇਂ ਉਹ ਉਥੇ ਮੌਜੂਦ ਸਨ ਜਾਂ ਗੈਰਹਾਜ਼ਰ ਸਨ।
ਕੈਨੇਡਾ ਦੀ ਮਹਿਲਾ ਹਾਕੀ ਟੀਮ ਦੇ ਨਾਲ ਬੀਜਿੰਗ ਵਿਚ ਸੋਨ ਤਮਗਾ ਜਿੱਤਣ ਵਾਲੇ ਬਲੇਅਰ ਟਰਨਬੁੱਲ ਨੇ ਕਿਹਾ ਕਿ ਓਲੰਪਿਕ ਖੇਡਾਂ ਵਿਚ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਉਹ ਉਨ੍ਹਾਂ ਸਾਰੇ ਕੈਨੇਡਾ ਵਾਸੀਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।