ਨਿਸੂਯਾਰਕ/ਗੜ੍ਹਸ਼ੰਕਰ, (ਰਾਜ ਗੋਗਨਾ )— ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਨਵਾਂਸ਼ਹਿਰ-ਜੈਜੋਂ ਰੇਲ ਲਿੰਕ ’ਤੇ ਪੈਂਦੇ ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੰਬਰ ਸੀ-62 ਨੂੰ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ। ਇਸੇ ਲੜੀ ਤਹਿਤ, ਪਿੰਡ ਬਸਿਆਲਾ, ਬਕਾਪੁਰ ਗੁਰੂ, ਰਸੂਲਪੁਰ, ਦਾਨੋਵਾਲ ਕਲਾਂ ਅਤੇ ਚੋਹੜਾ ਦੀਆਂ ਪੰਚਾਇਤਾਂ ਵੱਲੋਂ ਮਿਲੇ ਪੱਤਰ ਦੇ ਆਧਾਰ ’ਤੇ ਸੰਸਦ ਮੈਂਬਰ ਨੇ ਰੇਲਵੇ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਨਵਾਂਸ਼ਹਿਰ-ਜੈਜੋੰ ਨੂੰ ਜੋੜਨ ਵਾਲੀ ਰੇਲਵੇ ਲਾਈਨ ਤੇ 41-42 ਕਿਲੋਮੀਟਰ ਦੇ ਦਾਇਰੇ ਉੱਪਰ ਪਿੰਡਾਂ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਦੀ ਰੇਲਵੇ ਕਰਾਸਿੰਗ ਨੰਬਰ ਸੀ-62 ਨੂੰ ਬੰਦ ਨਾ ਕੀਤਾ ਜਾਵੇ। ਜਿਸ ਅਨੁਸਾਰ ਇਸ ਰੇਲਵੇ ਕਰਾਸਿੰਗ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਸਵਾਰੀ ਅਤੇ ਸਕੂਲੀ ਬੱਸਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਯਾਤਰੀ ਵਾਹਨ ਆਉਂਦੇ ਹਨ। ਇਸ ਤੋਂ ਇਲਾਵਾ, ਪਿੰਡ ਬਕਾਪੁਰ ਦੀ ਪੰਚਾਇਤੀ ਜ਼ਮੀਨ ਅਤੇ ਪਿੰਡ ਦੇ ਹੋਰ ਲੋਕਾਂ ਦੀ ਜਗ੍ਹਾ ਕ੍ਰਾਸਿੰਗ ਦੇ ਦੂਜੇ ਪਾਸੇ ਬਣੀ ਹੋਈ ਹੈ।ਇਸੇ ਤਰ੍ਹਾਂ ਨਜ਼ਦੀਕੀ ਰੇਲਵੇ ਕਰਾਸਿੰਗ ਮੁਬਾਰਕਪੁਰ ਵਿਖੇ ਬਹੁਤ ਛੋਟੀ ਸੜਕ ਹੈ, ਜੋ ਸਕੂਲੀ ਬੱਸਾਂ ਅਤੇ ਵੱਡੀਆਂ ਟਰਾਲੀਆਂ ਲਈ ਖਤਰਾ ਬਣ ਸਕਦੀ ਹੈ ਅਤੇ ਉਹ ਪਲਟ ਸਕਦੀਆਂ ਹਨ। ਜਦਕਿ ਰੇਲਵੇ ਕਰਾਸਿੰਗ ਨੰਬਰ ਸੀ-62 ਲਿੰਕ ਸੜਕ ਨੂੰ ਮੁੱਖ ਰੋਡ ਨਾਲ ਜੋੜਦੀ ਹੈ ਅਤੇ ਇਹ ਬਹੁਤ ਜ਼ਰੂਰੀ ਹੈ।ਜਿਸ ਕਾਰਨ ਉਨ੍ਹਾਂ ਰੇਲ ਮੰਤਰੀ ਨੂੰ ਰੇਲਵੇ ਕਰਾਸਿੰਗ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ।