ਬਾਸੇਲ (ਸਵਿਟਜ਼ਰਲੈਂਡ) : ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸਵਿਸ ਓਪਨ ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਲਗਾਤਾਰ ਗੇਮਾਂ ਵਿੱਚ 21-16, 21-8 ਨਾਲ ਹਰਾਇਆ। ਸਿੰਧੂ ਨੇ ਪਹਿਲੀ ਵਾਰ ਸਵਿਸ ਓਪਨ ਸੁਪਰ 300 ਖਿਤਾਬ ਜਿੱਤਿਆ ਹੈ। ਪਹਿਲੇ ਹਾਫ ‘ਚ ਥਾਈਲੈਂਡ ਦੀ ਖਿਡਾਰਨ ਨੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨਾਲ ਮੁਕਾਬਲਾ ਕੀਤਾ ਪਰ ਦੂਜੇ ਗੇਮ ‘ਚ ਸਿੱਧੂ ਨੇ ਓਂਗਬਾਮਰੁੰਗਫਾਨ ਨੂੰ ਕੋਈ ਮੌਕਾ ਨਹੀਂ ਦਿੱਤਾ।
ਪਹਿਲੀ ਗੇਮ ਵਿੱਚ ਦੋਨਾਂ ਖਿਡਾਰੀਆਂ ਵਿੱਚ ਜ਼ਬਰਦਸਤ ਟੱਕਰ ਹੋਈ। ਇਕ ਸਮੇਂ ਮੈਚ 13-13 ਨਾਲ ਬਰਾਬਰੀ ‘ਤੇ ਸੀ। ਇਸ ਤੋਂ ਬਾਅਦ ਸਿੰਧੂ ਨੇ ਲਗਾਤਾਰ ਤਿੰਨ ਅੰਕ ਹਾਸਲ ਕਰਕੇ ਬੜ੍ਹਤ ਬਣਾ ਲਈ। ਬੁਸਾਨਨ ਨੇ ਵਾਪਸੀ ਕਰਦੇ ਹੋਏ ਇਸ ਨੂੰ 18-16 ਨਾਲ ਬਰਾਬਰ ਕਰ ਲਿਆ, ਪਰ ਫਿਰ ਲਗਾਤਾਰ ਤਿੰਨ ਅੰਕ ਲੈ ਕੇ ਸਿੰਧੂ ਨੇ 21-16 ਨਾਲ ਗੇਮ ਜਿੱਤ ਲਈ। ਦੂਜੇ ਗੇਮ ਵਿੱਚ ਸਿੰਧੂ ਨੇ ਬੁਸਾਨਨ ਨੂੰ ਕੋਈ ਮੌਕਾ ਨਹੀਂ ਦਿੱਤਾ। ਇੱਕ ਸਮੇਂ ਭਾਰਤੀ ਖਿਡਾਰੀ 20-4 ਨਾਲ ਅੱਗੇ ਸਨ।
ਬੁਸਾਨਨ ਨੇ ਇਕ ਵਾਰ ਫਿਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲਗਾਤਾਰ 4 ਅੰਕ ਬਣਾਏ ਪਰ ਇਕ ਅੰਕ ਨਾਲ ਸਿੰਧੂ ਨੇ ਮੈਚ ਦੇ ਨਾਲ ਹੀ ਖਿਤਾਬ ਜਿੱਤ ਲਿਆ। ਸਿੰਧੂ ਦਾ ਇਸ ਸਾਲ ਇਹ ਦੂਜਾ ਖਿਤਾਬ ਹੈ। ਉਸਨੇ ਜਨਵਰੀ ਵਿੱਚ ਸਈਅਦ ਮੋਦੀ ਇੰਡੀਆ ਇੰਟਰਨੈਸ਼ਨਲ ਖਿਤਾਬ ਜਿੱਤਿਆ ਸੀ। ਸਿੰਧੂ ਨੇ ਬਾਸੇਲ ‘ਚ ਹੀ ਸਾਲ 2019 ‘ਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ।