ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸੂਬੇ ਦੀ ਕਾਰਜਕਾਰਨੀ ਦਾ ਢਾਂਚਾ ਭੰਗ ਕਰ ਦਿੱਤਾ ਗਿਆ ਹੈ। ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਇਹ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਪੰਜਾਬ ਚੰਡੀਗੜ੍ਹ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਜੀ ਜਾਣਕਾਰੀ ਦਿੰਦਿਆਂ ਕਿਹਾ ਅੱਜ ਦੇਸ਼ ਭਰ ਦੇ ਬਸਪਾ ਅਹੁਦੇਦਾਰਾਂ ਦੀ ਮੀਟਿੰਗ ਲਖਨਊ ਵਿਖੇ ਹੋਈ, ਜਿਸ ਨੂੰ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਸੰਬੋਧਨ ਕੀਤਾ ਅਤੇ ਵਿਸਥਾਰ ਸਾਹਿਤ ਸੂਬਾ ਪੱਧਰੀ ਵੀ ਸਮੀਖਿਆ ਕੀਤੀ।
ਪੰਜਾਬ ਦੇ ਸੰਗਠਨ ਤੇ ਕੰਮ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਗੱਲਬਾਤ ਕਰਦਿਆ ਪੰਜਾਬ ਵਿੱਚ 25 ਸਾਲਾਂ ਬਾਅਦ ਬਹੁਜਨ ਸਮਾਜ ਪਾਰਟੀ ਦਾ ਵਿਧਾਇਕ ਜਿੱਤਣ ਤੇ ਸੰਤੁਸ਼ਟੀ ਵੀ ਪਰਗਟ ਕੀਤੀ ਅਤੇ ਸੱਤਾ ਦੀ ਭਾਗੀਦਾਰੀ ਦਾ ਸੰਕਲਪ ਪੂਰਾ ਨਾ ਹੋਣ ਤੇ ਵਰਕਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਮੂਹ ਵਰਕਰ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਅੰਦੋਲਨ ਵਿਚ ਜਰੂਰ ਉਤਸਾਹ ਨਾਲ ਯੋਗਦਾਨ ਦਿੰਦੇ ਰਹਿਣ ਤਾਂ ਜੋ ਵਿਵਸਥਾ ਪਰਿਵਰਤਨ ਦਾ ਅੰਦੋਲਨ ਹਮੇਸ਼ਾ ਗਤੀਸ਼ੀਲ ਬਣਿਆ ਰਹੇ।
ਬੈਨੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਕਮੇਟੀ ਬਣਨ ਤੱਕ ਕੋਈ ਵੀ ਅਹੁਦੇਦਾਰ ਆਪਣੇ ਅਹੁਦੇ ਦੀ ਵਰਤੋਂ ਨਹੀਂ ਕਰੇਗਾ। ਓਹਨਾ ਨੇ ਪੰਜਾਬ ਵਿਚ ਬਸਪਾ ਪੰਜਾਬ ਪ੍ਰਧਾਨ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੇ ਤਸੱਲੀ ਪ੍ਰਗਟ ਕਰਦਿਆ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਨੇ ਵਿਸ਼ੇਸ਼ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪੰਜਾਬ ਯੂਨਿਟ ਦਾ ਸੂਬਾ ਪ੍ਰਧਾਨ ਹਮੇਸ਼ਾ ਗਤੀਸ਼ੀਲ ਰਹਿੰਦਾ ਹੈ, ਜੋਕਿ ਸਾਰੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ।