ਐਨ. ਡੀ. ਪੀ. ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਦਰਮਿਆਨ ਬੀਤੇ ਦਿਨੀਂ ਹੋਏ ਸਮਝੌਤੇ ਤੋਂ ਬਾਅਦ ਕੈਨੇਡਾ ਵਿਚ ਚਰਚਾਵਾਂ ਚੱਲ ਰਹੀਆਂ ਹਨ। ਕੁਝ ਸੂਬਿਆਂ ਵੱਲੋਂ ਇਸ ਸਮਝੌਤੇ ਨੂੰ ਬਹੁਤਾ ਦੇਰ ਨਾ ਚੱਲਣ ਵਾਲਾ ਕਰਾਰ ਦਿੱਤਾ ਗਿਆ ਅਤੇ ਕਿਹਾ ਜਾ ਰਿਹਾ ਹੈ ਇਸ ਨਾਲ ਸੂਬਿਆਂ ਨੂੰ ਨੁਕਸਾਨ ਹੋਵੇਗਾ। ਇਸ ਦਰਮਿਆਨ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਕੀਤਾ ਵਾਅਦਾ ਪੁਗਾਉਂਦਿਆਂ ਟਰੂਡੋ ਸਰਕਾਰ ਨੇ ਡੈਂਟਲ ਕੇਅਰ ਪ੍ਰੋਗਰਾਮ ਸ਼ੁਰੂ ਕਰ ਦਿਤਾ ਹੈ ਜਿਸ ਤਹਿਤ ਮੁਢਲੇ ਤੌਰ ’ਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਇਲਾਜ ਕੀਤਾ ਜਾਵੇਗਾ ਅਤੇ 2023 ਵਿਚ 18 ਸਾਲ ਤੋਂ ਘੱਟ ਉਮਰ ਵਾਲੇ ਇਸ ਦੇ ਘੇਰੇ ਵਿਚ ਆਉਣਗੇ। ਸਾਲ 2025 ਤੋਂ ਕੈਨੇਡਾ ਦੀ ਮੁਕੰਮਲ ਆਬਾਦੀ ਡੈਂਟਲ ਕੇਅਰ ਪ੍ਰੋਗਰਾਮ ਦੇ ਲਾਭ ਲੈ ਸਕੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਬਿਹਤਰੀ ਵਾਸਤੇ ਅਸੀਂ ਰਲ-ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।