ਪੰਜਾਬ ਚੋਣਾਂ ਵਿਚ ਹੋਈ ਕਰਾਰੀ ਹਾਰ ਦੇ ਬਾਅਦ ਦਿੱਲੀ ਵਿਚ ਕਾਂਗਰਸ ਇਸ ‘ਤੇ ਮੰਥਨ ਕਰੇਗੀ। ਇਸ ਲਈ ਕਾਂਗਰਸ ਦੇ ਜਨਰਲ ਸਕੱਤਰਾਂ ਤੇ ਸੂਬਾ ਇੰਚਾਰਜਾਂ ਦੀ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਇੰਚਾਰਜ ਰਹੇ ਹਰੀਸ਼ ਚੌਧਰੀ ਦੀ ਛੁੱਟੀ ਤੈਅ ਹੈ। ਨਾਲ ਹੀ ਨਵਜੋਤ ਸਿੱਧੂ ਦੀ ਜਗ੍ਹਾ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਸੋਨੀਆ ਗਾਂਧੀ ਸਿੱਧੂ ਤੋਂ ਪਹਿਲਾਂ ਹੀ ਅਸਤੀਫਾ ਲੈ ਚੁੱਕੀ ਹੈ।
ਸਿੱਧੂ ਦੀ ਥਾਂ ‘ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ, ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਸੀਐਮ ਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਗਿੱਦੜਬਾਹਾ ਦੇ ਅਮਰਿੰਦਰ ਰਾਜਾ ਵੜਿੰਗ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰ ਹਨ। ਇਸ ਦੇ ਨਾਲ ਹੀ ਕਾਂਗਰਸ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਦਾਅ ਲਗਾ ਸਕਦੀ ਹੈ। ਹਾਲਾਂਕਿ ਜੇਕਰ ਪ੍ਰਿਅੰਕਾ ਗਾਂਧੀ ਦੀ ਚੱਲੀ ਤਾਂ ਸਿੱਧੂ ਨੂੰ ਦੁਬਾਰਾ ਪ੍ਰਧਾਨ ਬਣਾਇਆ ਜਾ ਸਕਦਾ ਹੈ।