ਜਲੰਧਰ- ਬਹੁਜਨ ਸਮਾਜ ਦੇ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵਲੋਂ ਬੇਗ਼ਮਪੁਰਾ ਸ਼ਹਿਰ ਦਾ ਸੰਕਲਪ ਦੇਣ ਵਾਲੇ ਮਹਾਨ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਉਨ੍ਹਾਂ ਦੀ ਅੰਮ੍ਰਿਤਬਾਣੀ ਤੇ ਰਿਸਰਚ ਸੈਂਟਰ ਬਣਾਉਣ ਲਈ 100 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ ਅਤੇ ਕਿਉਂਕਿ ਸਰਕਾਰ ਪਾਸ ਸਮਾਂ ਘੱਟ ਸੀ ਤਾਂ ਉਨ੍ਹਾਂ ਨੇ 50 ਕਰੋੜ ਰੁਪਏ ਦਾ ਐਲਾਨ ਕਰ 25 ਕਰੋੜ ਦੀ ਰਾਸ਼ੀ ਤੁਰੰਤ ਜਾਰੀ ਕਰ ਦਿੱਤੀ ਜੋ ਪੰਜਾਬ ਦੇ ਇਤਿਹਾਸ ਵਿਚ ਇਕ ਵੱਡੀ ਉਪਲਬਧੀ ਸੀ। ਪਰ ਸਰਕਾਰ ਬਦਲਣ ਤੇ ਭਗਵੰਤ ਮਾਨ ਸਰਕਾਰ ਨੇ ਉਸ ਗਰਾਂਟ ਨੂੰ ਖ਼ਰਚਣ ਤੇ ਰੋਕ ਲਗਾ ਦਿੱਤੀ ਸੀ ਅੱਜ ਇਸ ਨੂੰ ਮੁੜ ਜਾਰੀ ਕਰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸਣਾ ਸਰਾਸਰ ਧੱਕਾ ਹੈ। ਸ੍ਰੀ ਭੌਂਸਲੇ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਅੰਦਰ ਦਲਿਤਾਂ ਦੀ ਰਾਜਨੀਤੀ ਖ਼ਤਮ ਕਰਨ ਦੇ ਨਿਸ਼ਾਨੇ ਨਾਲ ਸ. ਚਰਨਜੀਤ ਸਿੰਘ ਚੰਨੀ ਨੂੰ ਤੇ ਉਨ੍ਹਾਂ ਦੇ ਸਮੇਂ ਕੰਮਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਸਾਹਿਬ ਇਸ ਪ੍ਰੋਜੈਕਟ ਦਾ ਆਗਾਜ਼ ਦੁਆਬੇ ਅੰਦਰ ਨਾ ਕਰਦੇ ਤਾਂ ਕਿਸੇ ਨੂੰ ਇਸ ਨੂੰ ਸ਼ੁਰੂ ਕਰਨ ਦੀ ਯਾਦ ਵੀ ਨਹੀਂ ਆਉਂਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਲਿਤਾਂ ਲਈ ਸੁਹਿਰਦ ਹੈ ਤਾਂ ਉਹ ਆਪਣੇ ਵਾਅਦੇ ਮੁਤਾਬਿਕ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏ, 85ਵੀਂ ਸੰਵਿਧਾਨਿਕ ਸੋਧ ਲਾਗੂ ਕਰੇ ਅਤੇ ਡਾ. ਪੰਪੋਸ਼ ਦੇ ਕਾਤਲਾਂ ਗ੍ਰਿਫਤਾਰ ਕਰੇ ਅਤੇ ਪੰਜਾਬ ਅੰਦਰ ਦਲਿਤਾਂ ਤੇ ਹੁੰਦੇ ਤਸ਼ੱਦਦ ਨੱਥ ਪਾਉਣ ਦੇ ਲਈ ਉਪਰਾਲੇ ਕਰੇ। ਅਟਾਰਨੀ ਜਨਰਲ ਦੇ ਅਹੁਦੇ ਵਿੱਚ ਰਾਖਵੇਂਕਰਨ ਮੁਤਾਬਿਕ ਤੁਰੰਤ ਭਰਤੀ ਅਤੇ ਐਕਸਾਈਜ਼ ਵਿਭਾਗ ਵਿੱਚ ਇੰਸਪੈਕਟਰ ਤੋਂ ਈਟੀਉ ਬਣਨ ਵਾਲੇ ਮੁਲਾਜ਼ਮਾਂ ਦਾ ਬੈਕਲਾਗ ਜਲਦ ਭਰੇ। ਉਨ੍ਹਾਂ ਅੱਗੇ ਕਿਹਾ ਕਿ ਜਲਦ ਪੂਰੇ ਪੰਜਾਬ ਵਿਚ ਵੱਡੀ ਲਾਮਬੰਦੀ ਸ਼ੁਰੂ ਕਰ ਸਮਾਜ ਦੇ ਮਸਲਿਆਂ ਨੂੰ ਉਭਾਰਿਆ ਜਾਵੇਗਾ।