ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਰੂਸੀ ਜਹਾਜ਼ਾਂ ਲਈ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਹਨ। ਸਰਕਾਰ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹਾ ਉਸ ਸਮੇਂ ਕਰਨਾ ਪਿਆ ਜਦੋਂ ਪਿਛਲੇ ਮਹੀਨੇ ਇੱਕ ਰੂਸੀ ਜਹਾਜ਼ ਨੇ ਮਾਨਵਤਾਵਾਦੀ ਸਮਾਨ ਲਿਜਾਣ ਦਾ ਦਾਅਵਾ ਕਰਕੇ ਕੈਨੇਡੀਅਨ ਏਅਰਸਪੇਸ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕੀਤੀ।
ਜਿ਼ਕਰਯੋਗ ਹੈ ਕਿ ਯੂਕਰੇਨ ਉੱਤੇ ਰੂਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਕੈਨੇਡਾ ਨੇ ਰੂਸੀ ਜਹਾਜ਼ਾਂ ਉੱਤੇ ਆਪਣੀ ਏਅਰਸਪੇਸ ਵਰਤਣ ਉੱਤੇ ਪਾਬੰਦੀ ਲਾਈ ਹੋਈ ਹੈ। ਪਰ 27 ਫਰਵਰੀ ਨੂੰ ਐਰਫਲੋਟ ਦੀ ਫਲਾਈਟ 111, ਜੋ ਕਿ ਮਾਇਆਮੀ ਤੋਂ ਮਾਸਕੋ ਜਾ ਰਹੀ ਸੀ, ਨੂੰ ਕੈਨੇਡੀਅਨ ਏਅਰਸਪੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਆਖਿਆ ਕਿ ਐਰੋਫਲੋਟ 111 ਨੂੰ ਇਸ ਲਈ ਕੈਨੇਡੀਅਨ ਏਅਰਸਪੇਸ ਦੀ ਵਰਤੋਂ ਕਰਨ ਦੀ ਖੁੱਲ੍ਹ ਦਿੱਤੀ ਗਈ ਕਿਉਂਕਿ ਉਸ ਨੇ ਖੁਦ ਨੂੰ ਮਾਨਵਤਾਵਾਦੀ ਸਪਲਾਈ ਲਿਜਾਣ ਵਾਲੀ ਫਲਾਈਟ ਵਜੋਂ ਰਜਿਸਟਰ ਕਰਵਾਇਆ ਸੀ। ਪਰ ਟਰਾਂਸਪੋਰਟ ਕੈਨੇਡਾ ਦੇ ਸਿਵਿਲ ਏਵੀਏਸ਼ਨ ਦੇ ਹੈੱਡ ਨਿਕੋਲਸ ਰੌਬਿਨਸਨ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਸਰਾਸਰ ਝੂਠ ਸੀ ਤੇ ਐਰਫਲੋਟ ਵੱਲੋਂ ਇਹ ਝੂਠ ਜਾਣਬੁੱਝ ਕੇ ਬੋਲਿਆ ਗਿਆ ਸੀ।