2025 ਤੱਕ ਲਿਬਰਲਾਂ ਦੀ ਸਰਕਾਰ ਨੂੰ ਡਿੱਗਣ ਤੋਂ ਬਚਾਉਣ ਲਈ ਫੈਡਰਲ ਸਰਕਾਰ ਤੇ ਐਨਡੀਪੀ ਦਰਮਿਆਨ ਸਮਝੌਤਾ ਸਿਰੇ ਚੜ੍ਹ ਗਿਆ ਹੈ।
ਦੋਵਾਂ ਧਿਰਾਂ ਦਰਮਿਆਨ ਹੋਏ ਇਸ ਸਮਝੌਤੇ ਨੂੰ “ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ” ਦਾ ਨਾਂ ਦਿੱਤਾ ਗਿਆ ਹੈ। ਇਹ ਦੋਵਾਂ ਧਿਰਾਂ ਵਿਚਾਲੇ ਕੋਈ ਰਸਮੀ ਸਮਝੌਤਾ ਨਹੀਂ ਹੈ ਪਰ ਕੈਨੇਡੀਅਨਜ਼ ਨੂੰ ਅਗਲੇ ਤਿੰਨ ਸਾਲਾਂ ਤੱਕ ਚੋਣਾਂ ਤੋਂ ਦੂਰ ਰੱਖਣ ਲਈ ਇਹ ਸਮਝੌਤਾ ਕਾਫੀ ਅਹਿਮ ਭੂਮਿਕਾ ਨਿਭਾਵੇਗਾ।
ਅਜੇ ਵੀ ਐਨਡੀਪੀ ਵੱਲੋਂ ਇਸ ਸਮਝੌਤੇ ਉੱਤੇ ਮਨਜ਼ੂਰੀ ਦੀ ਮੋਹਰ ਲਾਈ ਜਾਣੀ ਬਾਕੀ ਹੈ ਪਰ ਸੋਮਵਾਰ ਰਾਤ ਨੂੰ ਹੋਈ ਕਾਕਸ ਮੀਟਿੰਗ ਵਿੱਚ ਲਿਬਰਲ ਐਮਪੀਜ਼ ਵੱਲੋਂ ਇਸ ਮੁੱਦੇ ਨੂੰ ਸਮਰਥਨ ਦਿੱਤਾ ਗਿਆ। ਅੰਤਰਿਮ ਕੰਜ਼ਰਵੇਟਿਵ ਤੇ ਵਿਰੋਧੀ ਧਿਰ ਦੀ ਆਗੂ ਕੈਂਡਿਸ ਬਰਜਨ ਨੇ ਇਸ ਡੀਲ ਦੀ ਨਿਖੇਧੀ ਕਰਦਿਆਂ ਆਖਿਆ ਕਿ ਟਰੂਡੋ ਹਰ ਹਾਲ ਸੱਤਾ ਵਿੱਚ ਬਣੇ ਰਹਿਣ ਲਈ ਯਤਨਸ਼ੀਲ ਹਨ।
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰ ਨੂੰ ਕੈਨੇਡੀਅਨਜ਼ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਹੋਰ ਵਕਤ ਮਿਲ ਜਾਵੇਗਾ।