ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 27ਵਾਂ ਦਿਨ ਹੈ। ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਨ੍ਹਾਂ ਦੋਹਾਂ ਦੇਸ਼ਾਂ ‘ਤੇ ਟਿਕੀਆਂ ਹੋਈਆਂ ਹਨ। ਯੂਐਸ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਚੀਨੀ ਨੇਤਾ ਨਾਲ ਲੰਮੀ ਗੱਲਬਾਤ ਕੀਤੀ ਤਾਂ ਜੋ ਬੀਜਿੰਗ ਨੂੰ ਮਾਸਕੋ ਨੂੰ ਸਹਾਇਤਾ ਪ੍ਰਦਾਨ ਨਾ ਕਰਨ ਲਈ ਮਨਾਉਣ।
ਅਮਰੀਕੀ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਚੀਨ ਨੇ ਰੂਸ ਨੂੰ ਫੌਜੀ ਜਾਂ ਵਿੱਤੀ ਮਦਦ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ (ਚੀਨ) ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਜ਼ਰਾਈਲ ਨੂੰ ਰੂਸ ਦੇ ਖਿਲਾਫ ਸਖਤ ਸਟੈਂਡ ਲੈਣ ਦੀ ਅਪੀਲ ਕੀਤੀ ਹੈ।
ਅਮਰੀਕਾ ਇਸ ਸਮੇਂ ਆਪਣਾ ਪੂਰਾ ਧਿਆਨ ਰੂਸ ਅਤੇ ਯੂਕਰੇਨ ‘ਤੇ ਲਗਾ ਰਿਹਾ ਹੈ। ਉਨ੍ਹਾਂ ਮਾਸਕੋ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਰੂਸ ਨੇ ਯੂਕਰੇਨ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਉਸ ਨੂੰ ਹੋਰ ਨਤੀਜੇ ਭੁਗਤਣੇ ਪੈਣਗੇ। ਯੁੱਧ ਦੇ ਵਿਚਕਾਰ, ਅਮਰੀਕਾ ਵਿੱਚ ਚੀਨ ਦੇ ਰਾਜਦੂਤ, ਚਿਨ ਗੇਂਗ, ਯੂਕਰੇਨ ਵਿੱਚ ਰੂਸ ਦੇ ਹਮਲੇ ਦੀ ਨਿੰਦਾ ਨਾ ਕਰਨ ਲਈ ਆਪਣੇ ਦੇਸ਼ ਦਾ ਬਚਾਅ ਕਰ ਰਹੇ ਹਨ।
ਉਨ੍ਹਾਂ ਕਿਹਾ ਹੈ ਕਿ ਅਜਿਹਾ ਕਰਨ ਨਾਲ ਹਿੰਸਾ ਰੁਕਣ ਵਾਲੀ ਨਹੀਂ ਹੈ। ਗੇਂਗ ਨੇ ਸੀਬੀਐਸ ਪ੍ਰੋਗਰਾਮ ‘ਫੇਸ ਦਿ ਨੇਸ਼ਨ’ ‘ਤੇ ਕਿਹਾ ਕਿ ਚੀਨ ਦੀ ਨਿੰਦਾ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਨਾਲ ਰੂਸ ਨੂੰ ਕੋਈ ਫ਼ਰਕ ਪਵੇਗਾ।
ਜ਼ੇਲੇਨਸਕੀ ਨੇ ਇੱਕ ਤਿੱਖਾ ਦਾਅਵਾ ਕੀਤਾ ਕਿ, “ਮੈਂ ਪੁਤਿਨ ਨਾਲ ਗੱਲਬਾਤ ਕਰਨ ਲਈ ਖੁੱਲਾ ਹਾਂ, ਪਰ ਜੇ ਉਹ ਅਸਫਲ ਹੋ ਜਾਂਦੇ ਹਨ, ਤਾਂ ਇਸਦਾ ਅਰਥ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ।”